ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਮਾਰਚ
ਸੂਬੇ ’ਚ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਵਿੱਚ ਇਸ ਵਾਰ 1.06 ਲੱਖ ਵੋਟਰਾਂ ਨੇ ਸਿਆਸੀ ਧਿਰਾਂ ਤੇ ਉਮੀਦਵਾਰਾਂ ਪ੍ਰਤੀ ਉਦਾਸੀਨਤਾ ਦਾ ਪ੍ਰਗਟਾਵਾ ਕਰਦਿਆਂ ਨੋਟਾ ਦਾ ਬਟਨ ਦੱਬਿਆ ਹੈ, ਜੋ ਇਹ ਪੋਲ ਹੋਈਆਂ ਵੋਟਾਂ ਦਾ 0.71 ਫ਼ੀਸਦ ਬਣਦਾ ਹੈ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਦੇ ਹਲਕਾ ਵਾਰ ਦਰਸਾਏ ਗਏ ਨਤੀਜਿਆਂ ’ਚ ਸਭ ਤੋਂ ਵੱਧ ਜ਼ਿਲ੍ਹਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਖ਼ੇਮਕਰਨ ਦੇ 1832, ਦੂਜੇ ਨੰਬਰ ਉੱਤੇ ਜ਼ਿਲ੍ਹਾ ਲੁਧਿਆਣਾ ਦੇ ਰਾਖਵਾਂ ਹਲਕਾ ਗਿੱਲ ਦੇ 1701, ਤੀਜੇ ਨੰਬਰ ’ਤੇ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਦੇ 1617, ਚੌਥੇ ਨੰਬਰ ’ਤੇ ਜ਼ਿਲ੍ਹਾ ਬਠਿੰਡਾਂ ਦੇ ਹਲਕਾ ਭੁੱਚੋ ਦੇ 1555 ਤੇ ਪੰਜਵੇਂ ਨੰਬਰ ’ਤੇ ਸ਼ੁਤਰਾਣਾ ਹਲਕੇ ਦੇ 1536 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ ਹੈ।
ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ 1.04 ਫੀਸਦ ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਰੱਦ ਕਰਦਿਆਂ ਨੋਟਾ ਦਾ ਬਟਨ ਦੱਬਿਆ ਸੀ। ਸੁਪਰੀਮ ਕੋਰਟ ਨੇ 2013 ਵਿੱਚ ਵੋਟਰਾਂ ਨੂੰ ਨਾਪਸੰਦਗੀ ਦਾ ਅਧਿਕਾਰ ਦਿੰਦਿਆਂ ਚੋਣ ਕਮਿਸਨ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ’ਤੇ ਨੋਟਾ ਦਾ ਬਟਨ ਲਗਾਉਣ ਦਾ ਹੁਕਮ ਦਿੱਤਾ ਸੀ। ਇਸ ਵਾਰ ਵੀ ਪੰਜਾਬ ਦੀਆਂ ਕਈ ਜਨਤਕ ਜਥੇਬੰਦੀਆਂ ਵੱਲੋਂ ਵੋਟ ਬਾਈਕਾਟ ਜਾਂ ਨੋਟਾ ਦਾ ਬਟਨ ਦੱਬਣ ਦਾ ਸੱਦਾ ਦਿੱਤਾ ਗਿਆ ਸੀ। ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਨੇ ਕਿਹਾ ਕਿ ਪਾਰਲੀਮੈਂਟ ਵਿਧਾਨ ਸਭਾਵਾਂ ਦੀ ਕਾਣੀ ਵੰਡ ਦਾ 75 ਸਾਲਾਂ ਵਿੱਚ ਕੋਈ ਹੱਲ ਨਹੀਂ ਹੋਇਆ। ਲੋਕ ਆਪਣੀ ਮਰਜ਼ੀ ਨਾਲ ਨਹੀ, ਸਗੋਂ ਲਾਲਚ ਜਾਂ ਧੌਂਸ ਦੇ ਪ੍ਰਭਾਵ ਹੇਠ ਵੋਟ ਪਾਉਂਦੇ ਹਨ, ਜਿਸ ਕਾਰਨ ਪਾਈ ਹੋਈ ਵੋਟ ਕੋਈ ਸਾਰਥਕ ਸਿੱਟੇ ਨਹੀਂ ਕੱਢਦੀ ਅਤੇ ਹਮੇਸ਼ਾ ਕਿਰਤੀ ਲੋਕਾਂ ਦੀਆਂ ਦਿੱਕਤਾਂ ’ਚ ਹੀ ਵਾਧਾ ਹੁੰਦਾ ਹੈ।