ਪੱਤਰ ਪ੍ਰੇਰਕ
ਭਵਾਨੀਗੜ੍ਹ, 1 ਅਕਤੂਬਰ
ਪਿੰਡ ਕਾਹਨਗੜ੍ਹ ਦੇ ਕਿਸਾਨ ਮਲਕੀਤ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪਿੰਡ ਇਕਾਈ ਕਾਹਨਗੜ੍ਹ ਦੇ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਨੌਜਵਾਨ ਕਿਸਾਨ ਮਲਕੀਤ ਸਿੰਘ (33) ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਲਕੀਤ ਸਿੰਘ ਦੇ ਸਿਰ ਆੜ੍ਹਤੀਏ ਦਾ ਤਿੰਨ ਲੱਖ ਦਾ ਕਰਜ਼ਾ ਸੀ ਤੇ ਉਸ ਦੀ ਦੋ ਤਿੰਨ ਵਾਰ ਫ਼ਸਲ ਖ਼ਰਾਬ ਹੋ ਜਾਣ ਕਾਰਨ ਕਰਜ਼ਾ ਵਧਦਾ ਗਿਆ। ਉਹ ਕਰਜ਼ਾ ਵਧਣ ਕਾਰਨ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਮਹਿਲਾਂ ਚੌਕ ਪੁਲੀਸ ਚੌਕੀ ਨੇ ਕਾਰਵਾਈ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਉਸ ਦੇ ਪਰਿਵਾਰ ਵਿੱਚ ਪਤਨੀ ਤੇ ਦੋ ਛੋਟੇ ਬੱਚੇ ਹਨ।