ਖੇਤਰੀ ਪ੍ਰਤੀਨਿਧ
ਪਟਿਆਲਾ, 19 ਜੁਲਾਈ
ਸੜਕਾਂ ’ਤੇ ਆਵਾਜਾਈ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਪਟਿਆਲਾ ਸ਼ਹਿਰ ਅੰਦਰਲੀਆਂ ਸੜਕਾਂ ’ਤੇ ਜ਼ੀਰੋ ਟੌਲਰੈਂਸ ਜ਼ੋਨ ਬਣਾਏ ਜਾਣਗੇ। ਇਸ ਦੌਰਾਨ ਓਵਰ ਸਪੀਡ, ਸੀਟ ਬੈਲਟ, ਹੈਲਮਟ, ਰੈੱਡ ਲਾਈਟ ਜੰਪ, ਗ਼ਲਤ ਪਾਰਕਿੰਗ ਤੇ ਹਾਈ ਬੀਮ ਲਾਇਟਾਂ ਆਦਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ। ਇਸ ਕੜੀ ਵਜੋਂ 21 ਜੁਲਾਈ ਨੂੰ ਲੀਲਾ ਭਵਨ ਤੋਂ 22 ਨੰਬਰ ਫਾਟਕ ਪੁਲ ਤੱਕ ਜ਼ੀਰੋ ਟੌਲਰੈਂਸ ਜ਼ੋੋਨ ਬਣੇਗਾ। ਫੇਰ ਇੱਕ ਮਹੀਨੇ ਲਈ ਸ਼ਹਿਰ ਦੀ ਹਰੇਕ ਸੜਕ ’ਤੇ ਅਜਿਹੇ ਜ਼ੋਨ ਬਣਨਗੇ।
ਇਹ ਜਾਣਕਾਰੀ ਅੱਜ ਇੱਥੇ ‘ਸੜਕ ਸੁਰੱਖਿਆ ਕਮੇਟੀ’ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਬਾਅਦ ਜ਼ੀਰੋ ਟਾਲਰੈਂਸ ਜ਼ੋੋਨ ਅਚਨਚੇਤ ਹੀ ਕਿਸੇ ਵੀ ਸੜਕ ’ਤੇ ਬਨਣਗੇ ਅਤੇ ਇਨ੍ਹਾਂ ਥਾਵਾਂ ’ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਮੀਟਿੰਗ ’ਚ ਏਡੀਸੀ (ਸ਼ਹਿਰੀ ਵਿਕਾਸ) ਗੌਤਮ ਜੈਨ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮੜਕਣ, ਆਰਟੀਏ ਸਕੱਤਰ ਬਬਨਦੀਪ ਵਾਲੀਆ, ਡੀ.ਐੱਸ.ਪੀ. ਟਰੈਫਿਕ ਕਰਮਵੀਰ ਤੂਰ ਅਤੇ ਰੋਡ ਸੇਫਟੀ ਇੰਜਨੀਅਰ ਸ਼ਿਵੰਦਰ ਬਰਾੜ ਵੀ ਸ਼ਾਮਲ ਸਨ। ਉਨ੍ਹਾ ਕਿਹਾ ਕਿ ਉਹ ਜ਼ੀਰੋ ਟਾਲਰੈਂਸ ਜ਼ੋੋਨ ਬਣਾਉਣ ਸਬੰਧੀ ਕਾਰਵਾਈ ਕਰਨ, ਤਾਂ ਕਿ ਸੜਕਾਂ ਨੂੰ ਹਾਦਸਾ ਰਹਿਤ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ’ਚ ਜਿਥੇ ਵਧੇਰੇ ਹਾਦਸੇ ਹੁੰਦੇ ਹਨ, ਉਹ ਬਲੈਕ ਸਪਾਟ ਥਾਵਾਂ ਪਛਾਣ ਕੇ ਇੱਥੇ ਸੜਕਾਂ ’ਤੇ ਪੀਲੀਆਂ ਪੱਟੀਆਂ ਲਗਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸ਼ਹਿਰ ’ਚ ਟ੍ਰੈਫਿਕ ਮਾਰਸ਼ਲਾਂ ਦੀਆਂ ਸੇਵਾਵਾਂ ਲੈਣ ’ਤੇ ਵੀ ਜ਼ੋਰ ਦਿੱਤਾ।