ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 7 ਦਸੰਬਰ
ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਤੇ ਐੱਸ.ਐੱਸ. ਬੋਰਡ, ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਕੰਗਨਾ ਰਣੌਤ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਧੂ ਨੇ ਆਖਿਆ ਕਿ ਸਾਡੇ ਕਿਸਾਨਾਂ ਵੱਲੋਂ ਹੱਕੀ ਮੰਗਾਂ ਲਈ ਦਿੱਲੀ ਵਿੱਚ ਲਗਾਏ ਗਏ ਮੋਰਚੇ ’ਚ ਸ਼ਾਮਲ ਹੋਣ ਹੋ ਰਹੀਆਂ ਸਾਡੀਆਂ ਮਾਵਾਂ ਖ਼ਿਲਾਫ਼ ਦੇ ਕੰਗਨਾ ਰਣੌਤ ਵੱਲੋਂ ਭੱਦੀ ਸ਼ਬਦਾਵਲੀ ਵਰਤੀ ਗਈ ਸੀ ਜੋ ਕਿ ਸਹਿਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਇਹ ਮਾਵਾਂ, ਮਾਈਂ ਭਾਗੋ ਦੀ ਅੰਸ਼ ਵਿੱਚੋਂ ਹਨ ਤੇ ਇਨ੍ਹਾਂ ਵੱਲੋਂ ਆਪਣੇ ਹੱਕ ਲੈਣ ਲਈ ਸੰਘਰਸ਼ ਲੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮੀ ਐਕਟਰਸ ਵੱਲੋਂ ਅਜਿਹੀ ਸ਼ਬਦਾਵਲੀ ਵਰਤ ਕੇ ਆਪਣੇ ਪਰਿਵਾਰ ਵੱਲੋਂ ਮਿਲੇ ਸੰਸਕਾਰਾਂ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਣਖੀ ਲੋਕ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਨਸ਼ੇੜੀਆਂ ਵੱਲੋਂ ਸਾਡੀਆਂ ਮਾਵਾਂ-ਭੈਣਾਂ ਲਈ ਅਜਿਹੀ ਸ਼ਬਦਾਵਲੀ ਵਰਤੀ ਜਾਵੇ। ਇਸ ਮੌਕੇ ਸਤਨਾਮ ਸਿੰਘ ਸੰਧੂ, ਜ਼ੋਬਨਜੀਤ ਸਿੰਘ, ਪਿ੍ਰੰਸ, ਮਨਜੀਤ ਸਿੰਘ, ਜਸ਼ਨ ਸਿੰਘ ਵਿਰਕ, ਦਿਲਰਾਜ ਸਿੰਘ, ਹਰਭਜਨਜੀਤ ਸਿੰਘ, ਅਰਸ਼ਦੀਪ ਸਿੰਘ, ਅਰਵਿੰਦਰ ਸਿੰਘ ਲੱਡੂ, ਸੁਖਬੀਰ ਸਿੰਘ, ਜੋਗਿੰਦਰ ਸਿੰਘ ਤੇ ਹੋਰ ਨੌਜਵਾਨਾਂ ਨੇ ਕਿਹਾ ਕਿ ਉਹ ਅਜਿਹੀ ਐਕਟਰਸ ਦੀਆਂ ਫਿਲਮਾਂ ਤੱਕ ਨਹੀਂ ਦੇਖਣਗੇ ਜੋ ਸਾਡੀਆਂ ਮਾਵਾਂ ਲਈ ਅਜਿਹੀ ਸੋਚ ਰੱਖਦੀ ਹੈ ਤੇ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਦਿੱਲੀ ਵਿੱਚ ਜਾ ਕਿ ਆਪਣੇ ਬਜ਼ੁਰਗਾਂ ਨਾਲ ਡਟਨਗੇ।