ਗੁਰਨਾਮ ਸਿੰਘ ਚੌਹਾਨ
ਪਾਤੜਾਂ, 8 ਜੂਨ
ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੀ ਸਥਾਨਕ ਬ੍ਰਾਂਚ ਵਿਚਲੇ ਖਾਤੇ ਵਿੱਚੋਂ ਲੱਖ ਰੁਪਏ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਖਾਤੇ ਵਿੱਚੋਂ ਗਾਇਬ ਹੋਈ ਇਸ ਰਕਮ ਦੀ ਪ੍ਰਾਪਤੀ ਲਈ ਖਾਤਾਧਾਰਕ ਨੌਜਵਾਨ ਪਿਛਲੇ ਅੱਠ ਮਹੀਨਿਆਂ ਤੋਂ ਦਰ-ਦਰ ਭਟਕ ਰਿਹਾ ਹੈ, ਉਸ ਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ।
ਪਿੰਡ ਹਰਿਆਊ ਖੁਰਦ ਦੇ ਵਾਸੀ ਸੱਤਪਾਲ ਸਿੰਘ ਪੁੱਤਰ ਰੋਸ਼ਨ ਸਿੰਘ ਨੇ ਦੱਸਿਆ ਕਿ ਉਸ ਦਾ ਪਾਤੜਾਂ ਦੀ ਐੱਸਬੀਆਈ ਦੀ ਬਰਾਂਚ ਵਿੱਚ ਪਿਛਲੇ 15-16 ਸਾਲਾਂ ਤੋਂ ਖਾਤਾ ਚਲਦਾ ਹੈ। ਇਸ ਵਿੱਚ ਉਹ ਆਪਣੀ ਮਿਹਨਤ ਦੀ ਕਮਾਈ ਜਮ੍ਹਾਂ ਕਰਵਾਉਂਦਾ ਆ ਰਿਹਾ ਹੈ। ਉਸ ਦਾ ਏਟੀਐਮ ਕਾਰਡ ਗੁੰਮ ਹੋਣ ’ਤੇ ਉਸ ਨੇ ਬੈਂਕ ਨੂੰ ਏਟੀਐਮ ਗੁੰਮ ਹੋਣ ਬਾਰੇ ਸੂਚਿਤ ਕਰਦਿਆਂ ਨਵਾਂ ਏਟੀਐਮ ਜਾਰੀ ਕਰਨ ਲਈ ਅਪਲਾਈ ਕੀਤਾ ਸੀ। ਉਸ ਨੇ ਦੱਸਿਆ ਕਿ ਏਟੀਐਮ ਦੇ ਐਕਟਿਵ ਹੋਣ ਤੋਂ ਪਹਿਲਾਂ ਹੀ ਉਸ ਦੇ ਖਾਤੇ ਵਿੱਚੋਂ ਸਾਲ 2021 ਵਿੱਚ ਕਿਸੇ ਅਣਪਛਾਤੇ ਨੇ ਏਟੀਐੱਮ ਰਾਹੀਂ ਇੱਕ ਲੱਖ ਰੁਪਏ ਕਢਵਾ ਲਏ ਸਨ। ਉਨ੍ਹਾਂ ਕਿਹਾ ਹੈ ਕਿ ਏਟੀਐਮ ਕੋਡ ਗੁਪਤ ਅਤੇ ਸਰੱਖਿਅਤ ਹੋਣ ਦੇ ਬਾਵਜੂਦ ਪੈਸਿਆਂ ਦਾ ਨਿਕਲਣਾ ਹੈਰਾਨੀਜਨਕ ਹੈ। ਉਹ ਬੈਂਕ ਮੈਨੇਜਰ ਤੋਂ ਲੈ ਕੇ ਪੁਲੀਸ ਅਤੇ ਸਾਈਬਰ ਬ੍ਰਾਂਚ ਪਟਿਆਲਾ ਤੱਕ ਸ਼ਿਕਾਇਤ ਕਰ ਚੁੱਕਾ ਹਨ ਪਰ ਅੱਜ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਪੀੜਤ ਨੇ ਬੈਂਕ ਅਧਿਕਾਰੀਆਂ, ਪੁਲੀਸ ਪ੍ਰਸ਼ਾਸਨ ਅਤੇ ਸਾਈਬਰ ਕ੍ਰਾਈਮ ਤੋਂ ਮੰਗ ਕੀਤੀ ਹੈ ਕਿ ਖਾਤੇ ਵਿੱਚੋਂ ਪੈਸੇ ਕੱਢਣ ਵਾਲੇ ਵਿਅਕਤੀ ਦਾ ਪਤਾ ਲਾ ਕੇ ਉਸ ਨੂੰ ਉਸ ਦੀ ਰਕਮ ਦਿਵਾਈ ਜਾਵੇ। ਉਸ ਨੇ ਕਿਹਾ ਕਿ ਜੇ ਉਸ ਦੇ ਪੈਸੇ ਨਾ ਮਿਲੇ ਤਾਂ ਉਹ ਨੂੰ ਅਦਾਲਤ ਦਾ ਸਹਾਰਾ ਲੈਣਾ ਪਵੇਗਾ।