ਪੱਤਰ ਪ੍ਰੇਰਕ
ਘੱਗਾ, 25 ਅਕਤੂਬਰ
ਨੇੜਲੇ ਪਿੰਡ ਕਲਵਾਣੂੰ ਵਿੱਚ ਇੱਕ ਨੌਜਵਾਨ ਨੂੰ ਉਸ ਦੇ ਇਕ ਦੋਸਤ ਵੱਲੋਂ ਕਬਜ਼ ਦੀ ਗੋਲੀ ਬਹਾਨੇ ਸਲਫਾਸ ਦੀ ਗੋਲੀ ਦੇ ਦਿੱਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਘੱਗਾ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਮ੍ਰਿਤਕ ਦੇ ਪਿਤਾ ਅਜੈਬ ਸਿੰਘ ਵਾਸੀ ਕਲਵਾਣੂੰ ਨੇ ਦੱਸਿਆ ਕਿ ਉਸ ਦੇ ਲੜਕੇ ਅਵਤਾਰ ਸਿੰਘ ਉਰਫ ਲਾਡੀ ਉਮਰ 23 ਸਾਲ ਨੇ ਪੇਟ ਦਰਦ ਕਾਰਨ ਕਬਜ਼ ਦੀ ਗੋਲ਼ੀ ਖਾਧੀ ਸੀ ਜਿਸ ਨੂੰ ਇਕਦਮ ਉਲਟੀਆਂ ਲੱਗ ਗਈਆਂ ਅਤੇ ਜ਼ਿਆਦਾ ਤਬੀਅਤ ਵਿਗੜਨ ਕਾਰਨ ਉਹ ਅਵਤਾਰ ਸਿੰਘ ਨੂੰ ਸਿਵਲ ਹਸਪਤਾਲ ਸਮਾਣਾ ਲੈ ਗਏ ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਹਸਪਤਾਲ ਲਿਜਾਂਦਿਆਂ ਰਸਤੇ ਵਿੱਚ ਉਸ ਦੇ ਬੇਟੇ ਨੇ ਦੱਸਿਆ ਕਿ ਉਸ ਨੂੰ ਇਹ ਕਬਜ਼ ਦੀ ਗੋਲੀ ਪਿੰਡ ਵਾਸੀ ਉਸ ਦੇ ਇਕ ਸਾਥੀ ਨੇ ਦਿੱਤੀ ਹੈ। ਜਦੋਂ ਡਾਕਟਰਾਂ ਨੇ ਉਹ ਗੋਲੀ ਵੇਖੀ ਤਾਂ ਉਹ ਗੋਲੀ ਸਲਫਾਸ ਦੀ ਹੀ ਸੀ ਜਿਸ ਕਾਰਨ ਉਸ ਦੇ ਪੁੱਤਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਅਵਤਾਰ ਸਿੰਘ ਪਬਲਿਕ ਕਾਲਜ ਸਮਾਣਾ ਦਾ ਵਿਦਿਆਰਥੀ ਸੀ।
ਪੁਲੀਸ ਨੇ ਅਵਤਾਰ ਸਿੰਘ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀ ਬਲਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਘਰ ਉੱਤੋਂ ਲੰਘਦੀ ਤਾਰ ਨੇ ਲਈ ਮਿਸਤਰੀ ਦੀ ਜਾਨ
ਨਾਭਾ (ਨਿੱਜੀ ਪੱਤਰ ਪ੍ਰੇਰਕ) ਇਥੇ ਦੇ ਸ਼ਿਵ ਪੂਰੀ ਕਾਲੋਨੀ ’ਚ ਇਕ ਮਕਾਨ ’ਚ ਇਕ ਸ਼ੈੱਡ ਬਣਾ ਰਹੇ ਮਿਸਤਰੀ ਗੁਰਪ੍ਰੀਤ ਸਿੰਘ ਦੀ ਘਰ ’ਤੋਂ ਲੰਘ ਰਹੀ 1100 ਕੇ.ਵੀ. ਦੀ ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ, ਜਿਸਦੇ ਚਲਦੇ ਮਕਾਨ ਮਾਲਕ ਮਾਨ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਨਾਭਾ ਕੋਤਵਾਲੀ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਕਾਨ ਮਾਲਕ ਵੱਲੋ ਲੇਬਰ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ, ਜਿਸ ਕਾਰਨ ਇਹ ਕੇਸ ਦਰਜ ਕੀਤਾ ਗਿਆ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਥੇ ਪਹਿਲਾਂ ਵੀ ਬਿਜਲੀ ਦੀਆਂ ਤਾਰਾਂ ਕਾਰਨ ਗੰਭੀਰ ਹਾਦਸੇ ਤੇ ਮੌਤਾਂ ਹੋ ਚੁੱਕੀਆਂ ਹਨ ਪਰ ਇਨ੍ਹਾਂ ਗਰੀਬ ਬਸਤੀਆਂ ਦੀ ਕੋਈ ਸਾਰ ਨਹੀਂ ਲੈਂਦਾ। ਉਨ੍ਹਾਂ ਕਿਹਾ ਕਿ ਜੇ ਬਿਜਲੀ ਵਿਭਾਗ ਨੂੰ ਇਹ ਤਾਰਾਂ ਹਟਾਉਣ ਨੂੰ ਕਹਿੰਦੇ ਹਾਂ ਤਾਂ ਉਹ ਨਿੱਜੀ ਸੰਪਤੀ ਤੋਂ ਤਾਰ ਪਾਸੇ ਕਰਨ ਦਾ ਬਹੁਤ ਜ਼ਿਆਦਾ ਖਰਚਾ ਮੰਗਦੇ ਹਨ।