ਪੱਤਰ ਪ੍ਰੇਰਕ
ਸਮਾਣਾ, 4 ਮਾਰਚ
ਗੁਰਦੁਆਰੇ ਦੀ ਗੋਲਕ ’ਚੋਂ ਨਗਦੀ ਚੋਰੀ ਕਰਨ ਦੇ ਮਾਮਲੇ ਵਿੱਚ ਸਦਰ ਪੁਲੀਸ ਨੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸੰਨੀ ਵਾਸੀ ਅਮਾਮਗੜ੍ਹ, ਸਮਾਣਾ ਵਜੋਂ ਹੋਈ। ਜਾਂਚ ਅਧਿਕਰੀ ਸਦਰ ਪੁਲੀਸ ਦੇ ਏ.ਐੱਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਦੁੱਖ ਭੰਜਣ ਸਾਹਿਬ ਪਿੰਡ ਬਦਨਪੁਰ ਦੇ ਪ੍ਰਧਾਨ ਸਤਨਾਮ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 3 ਫਰਵਰੀ ਦੀ ਦੁਪਹਿਰ ਉਕਤ ਨੌਜਵਾਨ ਗੁਰਦੁਆਰਾ ਸਾਹਿਬ ਅੰਦਰ ਆਇਆ ਸੀ ਪਰ ਕਾਫੀ ਦੇਰ ਬਾਅਦ ਵੀ ਬਾਹਰ ਵਾਪਸ ਨਾ ਆਉਣ ’ਤੇ ਜਦੋਂ ਉਨ੍ਹਾਂ ਅੰਦਰ ਜਾ ਕੇ ਵੇਖਿਆ ਤਾਂ ਉਹ ਗੋਲਕ ਦੀ ਕੁੰਡੀ ਤੋੜ ਕੇ ਨਗਦੀ ਚੋਰੀ ਕਰ ਰਿਹਾ ਸੀ। ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ ਪਰ ਉਹ ਪਿਸ਼ਾਬ ਆਉਣ ਦਾ ਬਹਾਨਾ ਲਗਾ ਕੇ ਨਗਦੀ ਸਣੇ ਗੁਰਦੁਆਰਾ ਦੀ ਕੰਧ ਟੱਪ ਕੇ ਫਰਾਰ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁੱਛਗਿਛ ਲਈ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ।