ਖੇਤਰੀ ਪ੍ਰਤੀਨਿਧ
ਪਟਿਆਲਾ, 12 ਅਗਸਤ
ਪੇਂਡੂ ਇਲਾਕਿਆਂ ਦੇ ਲੋਕਾਂ ਅਤੇ ਮੁੱਦਿਆਂ ਬਾਬਤ ਪੱਤਰਕਾਰੀ ਦੀ ਸਿਖਲਾਈ ਦੇਣ ਲਈ ਪੰਜਾਬੀ ਯੂਨੀਵਰਸਿਟੀ ਵਿੱਚ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਪਟਿਆਲਾ ਅਤੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨੇ ਮਿਲ ਕੇ ‘ਪੀਪਲ ਆਰਕਾਈਵ ਆਫ਼ ਰੂਰਲ ਇੰਡੀਆ (ਪਾਰੀ) ’ ਦੇ ਸਹਿਯੋਗ ਨਾਲ ਲਗਾਈ। ਈਐੱਮਆਰਸੀ ਦੇ ਆਡੀਟੋਰੀਅਮ ਵਿੱਚ ਹੋਈ ਇਸ ਵਰਕਸ਼ਾਪ ਵਿੱਚ ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਤੋਂ ਇਲਾਵਾ ਕਾਨੂੰਨ ਅਤੇ ਸਮਾਜ ਵਿਗਿਆਨ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਕੈਂਪਸ ਤੋਂ ਬਾਹਰੋਂ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਵਿਦਿਆਰਥੀ ਵੀ ਸ਼ਾਮਲ ਹੋਏ। ਵਰਕਸ਼ਾਪ ਵਿੱਚ ਮੁੰਬਈ ਅਤੇ ਬੰਗਲੌਰ ਤੋਂ ‘ਪਾਰੀ’ ਵੱਲੋਂ ਚਾਰ ਮਾਹਿਰ ਪਹੁੰਚੇ, ਜਿਨ੍ਹਾਂ ਵਿਚੋਂ ‘ਪਾਰੀ ਐਜੂਕੇਸ਼ਨ’ ਦੀ ਸੰਪਾਦਕ ਪ੍ਰੀਤੀ ਡੇਵਿਡ,’ਪਾਰੀ’ ਦੀ ਪੱਤਰਕਾਰ ਰੀਆ ਬਹਿਲ, ਪੱਤਰਕਾਰ ਵਿਸਾਖਾ ਜੌਰਜ ਅਤੇ ‘ਪਾਰੀ’ ਪੰਜਾਬੀ ਦੀ ਸੰਪਾਦਕ ਕਮਲਜੀਤ ਕੌਰ ਵੀ ਪਹੁੰਚੀ ਹੋਈ ਸੀ। ਸਮਾਪਤੀ ਸਮਾਗਮ ਵਿੱਚ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਸੁਝਾਅ ਦਿੱਤਾ ਕਿ ‘ਪਾਰੀ’ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਈਐੱਮਆਰਸੀ ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ ਨੇ ਮਾਿਹਰਾਂ ਦਾ ਧੰਨਵਾਦ ਕੀਤਾ।