ਖੇਤਰੀ ਪ੍ਰਤੀਨਿਧ
ਪਟਿਆਲਾ, 26 ਜੂਨ
ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ‘ਡਿਜੀਟਲ ਆਰਕਾਈਵਿੰਗ ਟੂਲਜ਼’ ਵਿਸ਼ੇ ਉੱਤੇ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਵਿਭਾਗ ਦੀ ਇੰਗਲਿਸ਼ ਲਿਟਰੇਰੀ ਸੁਸਾਇਟੀ ਦੀ ਅਗਵਾਈ ਹੇਠ ‘ਗਲੋਬਲ ਸੇਕਸਪੀਅਰ ਸਟੱਡੀਜ਼’ ਅਧੀਨ ਉਲੀਕੀ ਗਈ ਸੀ। ਵਰਕਸ਼ਾਪ ਦਾ ਸੰਚਾਲਨ ਨੌਰਥ ਈਸਟਰਨ ਯੂਨੀਵਰਸਿਟੀ ਬੋਸਟਨ ਤੋਂ ਸ਼ਕਾਲਰ ਵਿਜੇਤਾ ਸੈਣੀ ਨੇ ਕੀਤਾ। ਵਰਕਸ਼ਾਪ ਵਿੱਚ ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਵਰਕਸ਼ਾਪ ਦੇ ਅੰਤਲੇ ਦਿਨ ਵਿਦਾਇਗੀ ਸਮਾਰੋਹ ਦੌਰਾਨ ਵਰਕਸ਼ਾਪ ਕੋ-ਆਰਡੀਨੇਟਰ ਡਾ. ਧਰਮਜੀਤ ਸਿੰਘ ਵੱਲੋਂ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਗਿਆ। ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਰਾਜੇਸ਼ ਸ਼ਰਮਾ ਵੱਲੋਂ ਡਿਜੀਟਲ ਮਾਨਵਤਾ ਅਤੇ ਡੈਟਾ ਆਰਕਾਈਵਿੰਗ ਦੀ ਸਮਕਾਲੀ ਪ੍ਰਸੰਗਿਕਤਾ ਵਿਸ਼ੇ ਉੱਤੇ ਚਰਚਾ ਕੀਤੀ ਗਈ। ਵਿਜੇਤਾ ਸੈਣੀ ਵੱਲੋਂ ਡਿਜੀਟਲ ਮਾਨਵਤਾ ਦੇ ਉੱਭਰ ਰਹੇ ਖੇਤਰ, ਸਮਕਾਲੀ ਖੋਜ ਅਭਿਆਸਾਂ ਲਈ ਇਸ ਦੀ ਮਹੱਤਤਾ ਅਤੇ ਪ੍ਰਸੰਗਿਕਤਾ ਬਾਰੇ ਜਾਣੂ ਕਰਵਾਇਆ ਗਿਆ। ਪੁਰਾਲੇਖ ਖੋਜ ਦੀਆਂ ਵੱਖ-ਵੱਖ ਉਲਝਣਾਂ ਅਤੇ ਸਮੱਸਿਆਵਾਂ ਨੂੰ ਸਮਝਾਉਂਦੇ ਹੋਏ, ਉਨ੍ਹਾਂ ਇਸ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪੰਜਾਬ ਵਿੱਚ ਸੇਕਸਪੀਅਰ ਦੇ ਨਾਟਕਾਂ ਦੇ ਹੋਏ ਅਨੁਵਾਦਾਂ, ਰੂਪਾਂਤਰਣਾਂ ਆਦਿ ਦੇ ਤਰੀਕੇ ਬਾਰੇ ਵੀ ਗੱਲ ਕੀਤੀ ਗਈ।