ਜੈਸਮੀਨ ਭਾਰਦਵਾਜ
ਨਾਭਾ, 31 ਅਗਸਤ
ਡੈਮੋਕ੍ਰੈਟਿਕ ਮਨਰੇਗਾ ਫ਼ਰੰਟ ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਥੂਹੀ ਪਿੰਡ ਵਿੱਚ ਦੋ ਮ੍ਰਿਤਕ ਵਿਅਕਤੀਆਂ ਵੱਲੋਂ ਕੰਮ ਦੀ ਮੰਗ ਦਰਜ ਕਰਕੇ ਉਨ੍ਹਾਂ ਨੂੰ ਤਾਂ ਕੰਮ ਅਲਾਟ ਕਰ ਦਿੱਤਾ ਗਿਆ ਹੈ ਜਦੋਂ ਕਿ ਅਸਲ ਮਾਇਨੇ ਵਿੱਚ ਕੰਮ ਕਰਨ ਵਾਲੇ ਮਨਰੇਗਾ ਮਜ਼ਦੂਰਾਂ ਦੇ ਕੰਮ ਦੀ ਮੰਗ ਸਬੰਧੀ ਅਰਜ਼ੀ ਫੜਨ ਤੋਂ ਵੀ ਨਾਭਾ ਬੀਡੀਪੀਓ ਦਫ਼ਤਰ ਇਨਕਾਰੀ ਹੈ। ਮਨਰੇਗਾ ਫ਼ਰੰਟ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਨਾਭਾ ਦੇ ਥੂਹੀ ਪਿੰਡ ਵਿੱਜ ਸ਼ਮਸ਼ਾਨਘਾਟ ’ਚ ਜ਼ਮੀਨ ਪੱਧਰੀ ਕਰਨ ਦਾ ਕੰਮ ਜਿਨ੍ਹਾਂ ਨੂੰ ਅਲਾਟ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਭੋਲਾ ਨਾਥ ਅਤੇ ਚਮਕੌਰ ਸਿੰਘ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਨ੍ਹਾਂ ਸਵਾਲ ਕੀਤਾ ਕਿ ਇਨ੍ਹਾਂ ਵਿਅਕਤੀਆਂ ਨੇ ਕੰਮ ਦੀ ਮੰਗ ਕਦੋਂ ਦਰਜ ਕਰਵਾਈ ਤੇ ਉਨ੍ਹਾਂ ਦਾ ਜੌਬ ਕਾਰਡ ਅਜੇ ਤੱਕ ਐਕਟਿਵ ਕਿਉਂ ਰੱਖਿਆ ਹੋਇਆ ਹੈ? ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਨੇ ਦਾਅਵਾ ਕੀਤਾ ਕਿ ਇਸ ਸ਼ਮਸ਼ਾਨਘਾਟ ਵਿੱਚ ਕੋਈ ਕੰਮ ਵੀ ਹੋਣ ਵਾਲਾ ਨਹੀਂ ਪਰ ਫਿਰ ਵੀ ਵਿਭਾਗ ਵੱਲੋਂ ਵਾਰ-ਵਾਰ ਇਹੀ ਪ੍ਰਾਜੈਕਟ ਬਣਾ ਕੇ ਰਸੂਖਦਾਰਾਂ ਦੇ ਨੇੜਲਿਆਂ ਨੂੰ ਵਿਹਲੇ ਬਿਠਾ ਕੇ ਦਿਹਾੜੀ ਪਾ ਦਿੱਤੀ ਜਾਂਦੀ ਹੈ।
ਆਗੂਆਂ ਨੇ ਕਿਹਾ ਕਿ ਪਹਿਲਾਂ ਨਾਭਾ ਦੇ ਡਕੌਂਦਾ ਪਿੰਡ ਅਤੇ ਰਾਜਪੁਰਾ ਦੇ ਫ਼ਤਹਿਪੁਰ ਪਿੰਡ ਵਿੱਚ ਵੀ ਮ੍ਰਿਤਕਾਂ ਨੂੰ ਕੰਮ ਦੇ ਕੇ ਪੈਸੇ ਪਾਉਣ ਦਾ ਮੁੱਦਾ ਭਖਿਆ ਸੀ ਪਰ ਪ੍ਰਸ਼ਾਸਨ ਨੇ ਆਪਣੇ ਵੱਲੋਂ ਪੈਸੇ ਦੀ ਵਾਪਸ ਵਸੂਲੀ ਕਰਨ ਦੇ ਪੱਤਰ ਜਾਰੀ ਕਰ ਕੇ ਬੁੱਤਾ ਸਾਰ ਦਿੱਤਾ ਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਕੀ ਕਹਿੰਦੇ ਨੇ ਅਧਿਕਾਰੀ
ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਸਬੰਧੀ ਗੱਲ ਕਰਨ ’ਤੇ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰਨਗੇ। ਉੱਧਰ, ਇਸ ਸਬੰਧੀ ਨਾਭਾ ਦੇ ਬੀਡੀਪੀਓ ਪ੍ਰਦੀਪ ਸ਼ਾਰਦਾ ਨੇ ਫ਼ਰੰਟ ਦੇ ਦੋਸ਼ਾਂ ਸਬੰਧੀ ਜਵਾਬ ਦੇਣ ਦੀ ਥਾਂ ਫੋਨ ਕੱਟ ਦਿੱਤਾ ਤੇ ਮੁੜ ਕੇ ਫੋਨ ਹੀ ਨਹੀਂ ਚੁੱਕਿਆ।