ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 20 ਅਗਸਤ
ਵਿਧਾਨ ਸਭਾ ਹਲਕਾ ਸਨੌਰ ਦੇ ਅਧੀਨ ਪੈਂਦੇ ਪਿੰਡ ਸ਼ੇਖੂਪੁਰ ਨੇੜੇ ਘੱਗਰ ਦਰਿਆ ’ਤੇ ਬਣਨ ਵਾਲਾ ਪੁਲ ਠੇਕੇਦਾਰ ਨੂੰ ਪੂਰੇ ਪੈਸੇ ਨਾ ਮਿਲਣ ਕਾਰਨ ਅੱਧ ਵਿਚਾਲੇ ਲਟਕ ਗਿਆ ਹੈ। ਇਸ ਕਾਰਨ ਪਿੰਡ ਵਾਸੀ ਕਾਫੀ ਚਿੰਤਤ ਹਨ। ਪਿੰਡ ਵਾਸੀਆਂ ਦੀ ਬਹੁਤ ਸਾਰੀ ਜ਼ਮੀਨ ਘੱਗਰ ਦੇ ਉਸ ਪਾਰ ਹੈ ਜਿਨ੍ਹਾਂ ਨੂੰ ਹੁਣ ਪੁਲ ਦੇ ਮੁਕੰਮਲ ਹੋਣ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ।
ਜਾਣਕਾਰੀ ਅਨੁਸਾਰ ਦੇਵੀਗੜ੍ਹ ਲਾਗਲੇ ਪਿੰਡ ਸ਼ੇਖੂਪਰ ਦੇ ਲੋਕਾਂ ਦੀ ਚਿਰਾਂ ਦੀ ਮੰਗ ਨੂੰ ਲੈ ਕੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਬੜੀ ਦਿਲਚਸਪੀ ਲੈ ਕੇ ਮੁੱਖ ਮੰਤਰੀ ਤੋਂ ਇਥੇ ਪੁਲ ਮਨਜ਼ੂਰ ਕਰਵਾਇਆ ਸੀ, ਜਿਸ ਲਈ 11 ਕਰੋੜ ਦੇ ਲਗਪਗ ਰਕਮ ਸਰਕਾਰ ਤੋਂ ਮਨਜ਼ੂਰ ਕਰਵਾਈ ਗਈ ਸੀ। ਜਾਣਕਾਰੀ ਅਨੁਸਾਰ ਇਹ ਪੁੱਲ 500 ਮੀਟਰ ਲੰਬਾ ਹੈ ਅਤੇ 8 ਮੀਟਰ ਚੌੜਾ ਹੈ। ਇਸ ਪੁਲ ਨੂੰ ਬਣਾਉਣ ਦਾ ਕੰਮ ਰਾਣਾ ਬਿਲਡਰ ਨੂੰ ਸੌਂਪਿਆ ਗਿਆ ਸੀ, ਜਿਸ ਨੇ ਪਹਿਲਾਂ ਤਾਂ ਕੰਮ ਬੜੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਕੰਮ ਦੀ ਸਪੀਡ ਕੁਝ ਹੌਲੀ ਹੋ ਗਈ। ਇਸ ਕੰਪਨੀ ਦੇ ਇੱਕ ਕਰਮਚਾਰੀ ਦੇ ਕਹਿਣ ਅਨੁਸਾਰ ਠੇਕੇਦਾਰ ਨੇ ਇਸ ਉਪਰ ਆਪਣੇ ਕੋਲੋਂ ਡੇਢ ਕਰੋੜ ਰੁਪਏ ਖਰਚ ਕਰਕੇ ਪੁਲ ਦੀਆਂ ਕਈ ਖੂਹੀਆਂ ਉਸਾਰ ਦਿੱਤੀਆਂ ਸਨ ਪਰ ਮੁੜ ਸਰਕਾਰ ਤੋਂ ਪੈਸਾ ਜਲਦੀ ਨਾ ਮਿਲਣ ਕਾਰਨ ਇਸ ਪੁਲ ਦਾ ਕੰਮ ਹੁਣ ਦੂਜੀ ਵਾਰ ਲਟਕ ਗਿਆ ਹੈ। ਪੁਲ ਦਾ ਕੰਮ ਰੁਕਣ ਕਰਕੇ ਪਿੰਡ ਵਾਸੀਆਂ ਨੇ ਲੰਘਣ ਲਈ ਘੱਗਰ ’ਤੇ ਇੱਕ ਆਰਜ਼ੀ ਪੁਲ ਬਣਾਇਆ ਹੋਇਆ ਹੈ ਜੋ ਕਿ ਖਤਰੇ ਤੋਂ ਖਾਲੀ ਨਹੀਂ।
ਪੁਲ ਬਣਾਉਣ ਵਾਲੇ ਠੇਕੇਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਪੁਲ ਮੁਕੰਮਲ ਕਰਨ ਲਈ 5-6 ਕਰੋੜ ਰੁਪਏ ਮਿਲੇ ਸਨ ਜੋ ਕਿ ਉਨ੍ਹਾਂ ਪੁਲ ਉਪਰ ਲਗਾ ਦਿੱਤੇ ਹਨ ਪਰ ਹੁਣ ਸਰਕਾਰ ਵਲੋਂ ਹੋਰ ਪੈਸਾ ਨਹੀਂ ਮਿਲਿਆ ਜਿਸ ਕਰਕੇ ਉਹ ਕੰਮ ਛੱਡ ਕੇ ਜਾ ਰਹੇ ਹਨ ਅਤੇ ਬਾਕੀ ਪੈਸਿਆਂ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਜੇਕਰ ਪੈਸੇ ਮਨਜ਼ੂਰ ਹੋਏ ਹਨ ਤਾਂ ਠੇਕੇਦਾਰ ਨੂੰ ਕਿਉਂ ਨਹੀਂ ਦਿੱਤੇ ਗਏ: ਚੰਦੂਮਾਜਰਾ
ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਇਸ ਪੁਲ ਲਈ ਨਾਬਾਰਡ ਤੋਂ ਲਗਪਗ 9 ਕਰੋੜ ਰੁਪਏ ਮਨਜ਼ੂਰ ਹੋਏ ਸਨ ਅਤੇ ਕੇਂਦਰ ਤੋਂ ਪੰਜਾਬ ਸਰਕਾਰ ਕੋਲ ਆ ਗਏ ਸਨ। ਫਿਰ ਉਹ ਪੈਸਾ ਠੇਕੇਦਾਰ ਨੂੰ ਕਿਉਂ ਨਹੀਂ ਦਿੱਤਾ ਗਿਆ। ਜੇਕਰ ਪੈਸਾ ਠੇਕੇਦਾਰ ਨੂੰ ਦਿੱਤਾ ਜਾਂਦਾ ਤਾਂ ਕੰਮ ਨਾ ਰੁਕਦਾ। ਜਿਸ ਤੋਂ ਖਦਸ਼ਾ ਜਾਹਰ ਹੁੰਦਾ ਹੈ ਕਿ ਇਹ ਮਿਲਿਆ ਪੈਸਾ ਕਿਤੇ ਹੋਰ ਪਾਸੇ ਤਾਂ ਨਹੀਂ ਵਰਤ ਦਿੱਤਾ ਗਿਆ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਕੀ ਕਹਿੰਦੇ ਨੇ ਹਲਕਾ ਇੰਚਾਰਜ
ਇਸ ਸਬੰਧੀ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਦੱਸਿਆ ਕਿ ਠੇਕੇਦਾਰ ਨੂੰ ਦੋ ਕਿਸ਼ਤਾਂ ਵਿਚ ਪੈਸੇ ਦਿੱਤੇ ਗਏ ਸਨ ਪਰ ਹੋਰ ਪੈਸੇ ਸਰਕਾਰ ਤੋਂ ਸਮੇਂ ਸਿਰ ਨਹੀਂ ਮਿਲ ਸਕੇ। ਜਿਸ ਕਾਰਨ ਮੌਜੂਦਾ ਠੇਕੇਦਾਰ ਕੰਮ ਛੱਡ ਕੇ ਚਲਾ ਗਿਆ ਹੈ। ਪਰ ਹੁਣ ਬਾਕੀ ਕੰਮ ਦਾ ਠੇਕਾ ਦੇਣ ਲਈ ਟੈਂਡਰ ਕੱਢੇ ਗਏ ਹਨ ਅਤੇ 31 ਅਗਸਤ ਤੱਕ ਪੁਲ ਦਾ ਕੰਮ ਸ਼ੁਰੂ ਹੋ ਜਾਵੇਗਾ।