ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਮਾਰਚ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਪੁਰਖਿਆਂ ਵੱਲੋਂ ਬਣਾਏ ਕਿਲ੍ਹਾ ਮੁਬਾਰਕ ਨੂੰ ਪੰਜ ਤਾਰਾ ਹੋਟਲ ਵਿਚ ਤਬਦੀਲ ਕਰਨ ਲਈ ਸਹੀਬੱਧ ਕੀਤੇ ਗਏ ਸਮਝੌਤੇ ਤਹਿਤ ਕੰਮ ਸ਼ੁਰੂ ਹੋ ਗਿਆ ਹੈ। ਇੱਥੇ ਹੁਣ ਏਪੀਜੇ ਨੌਰਥ ਵੈਸਟ ਹੋਟਲ ਪ੍ਰਾਈਵੇਟ ਲਿਮਿਟਡ ਨੇ ਕਾਗਜ਼ ਚਿਪਕਾ ਕੇ ਆਪਣੀ ਮਾਲਕੀ ਦਾ ਹੱਕ ਜਿਤਾ ਦਿੱਤਾ ਹੈ ਅਤੇ ਸੁਰੱਖਿਆ ਗਾਰਡ ਵੀ ਨਿਯੁਕਤ ਕਰ ਦਿੱਤੇ ਹਨ। ਕਿਲ੍ਹਾ ਮੁਬਾਰਕ ਦਾ ਉਹ ਹਿੱਸਾ ਜਿੱਥੇ ਰਾਣੀਆਂ ਤੇ ਪਟਰਾਣੀਆਂ ਰਹਿੰਦੀਆਂ ਸਨ, ਵਿਚ ਹੀ ਇਹ ਪੰਜ ਤਾਰਾ ਹੋਟਲ ਬਣਨ ਜਾ ਰਿਹਾ ਹੈ। ਇਸ ਹਿੱਸੇ ਨੂੰ ‘ਰਣਵਾਸ’ ਕਿਹਾ ਜਾਂਦਾ ਹੈ। ਕਰੀਬ ਇੱਕ ਏਕੜ ਵਿੱਚ ਬਣੇ ਇਸ ਹਿੱਸੇ ਵਿੱਚ ਵੱਡੇ ਵੱਡੇ ਦੋ ਮੰਜ਼ਿਲਾ 10 ਹਾਲ ਬਣੇ ਹੋਏ ਹਨ ਅਤੇ ਵਿਚਾਲੇ ਬਹੁਤ ਵੱਡਾ ਵਿਹੜਾ ਹੈ।
ਇਸ ਵੱਡ ਅਕਾਰੀ ਇਮਾਰਤ ਵਿੱਚ ਹੁਣ ਏਪੀਜੇ ਨੌਰਥ ਵੈਸਟ ਹੋਟਲ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਕੰਧ ’ਤੇ ਕਾਗਜ਼ ਚਿਪਕਾਇਆ ਗਿਆ ਹੈ ਜਿਸ ਅਨੁਸਾਰ 15-9-2021 ਤੋਂ ਇਹ ਕੰਪਨੀ ਕਿਲ੍ਹਾ ਮੁਬਾਰਕ ਦੇ ਇਸ ਹਿੱਸੇ ਦੀ ਹੱਕਦਾਰ ਬਣੀ ਹੈ। ਹੁਣ ਇੱਥੇ 14 ਸੁਰੱਖਿਆ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ। ਇਸ ਹਿੱਸੇ ਵਿੱਚ ਹੁਣ ਆਮ ਲੋਕ ਨਹੀਂ ਜਾ ਸਕਦੇ।
ਬਾਬਾ ਆਲਾ ਸਿੰਘ ਦੀ ਦੂਰਅੰਦੇਸ਼ੀ ਦੀ ਬਦੌਲਤ ਪਟਿਆਲਾ ਸ਼ਹਿਰ ‘ਪਟਿਆਲਾ ਰਿਆਸਤ’ ਦੀ ਸੰਨ 1765 ਤੋਂ ਦੇਸ਼ ਆਜ਼ਾਦ ਹੋਣ ਤੱਕ ਰਾਜਧਾਨੀ ਰਿਹਾ ਹੈ। ਉਨ੍ਹਾਂ ਇੱਥੇ 1757 ਵਿਚ ਇੱਕ ਕੱਚੀ ਗੜ੍ਹੀ ਉਸਾਰੀ ਸੀ। ਰਾਜਸੀ ਤੇ ਪ੍ਰਸ਼ਾਸਕੀ ਪੱਖ ਤੋਂ ਹੋਰ ਮਜ਼ਬੂਤ ਹੋਣ ਮਗਰੋਂ 12 ਫਰਵਰੀ 1763 ਨੂੰ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ ਗਈ। ਪੱਟੀ ਦੇ ਆਲ਼ੇ ਦੀ ‘ਅੱਲ’ ਮਗਰੋਂ ਇਹ ਸ਼ਹਿਰ ਪਟਿਆਲਾ ਦੇ ਨਾਂ ’ਤੇ ਪ੍ਰਸਿੱਧ ਹੋਇਆ। ਪਹਿਲਾਂ ਬਾਬਾ ਆਲਾ ਸਿੰਘ ਨੇ ਆਪਣੀ ਰਾਜਧਾਨੀ ਕੁਝ ਚਿਰ ਬਰਨਾਲੇ ਵਿਚ ਵੀ ਰੱਖੀ, ਪਰ ਬਾਅਦ ’ਚ ਇਹ ਪਟਿਆਲਾ ਲੈ ਆਉਂਦੀ ਸੀ।
ਦੇਸ਼ ਦੀਆਂ ਪ੍ਰਮੁੱਖ ਰਿਆਸਤਾਂ ’ਚੋਂ ਪਟਿਆਲਾ ਹੀ ਅਜਿਹੀ ਇਕੱਲੀ ਅਹਿਮ ਰਿਆਸਤ ਰਹੀ ਹੈ, ਜਿਸ ਦੇ ਕੌਮਾਂਤਰੀ ਪੱਧਰ ’ਤੇ ਬਾਕੀ ਰਿਆਸਤਾਂ ਨਾਲੋਂ ਵੱਧ ਅਤੇ ਮਿਆਰੀ ਸਬੰਧ ਰਹੇ ਹਨ।
ਪਟਿਆਲਾ ਨੂੰ ਅਜਿਹੇ ਮੁਕਾਮ ’ਤੇ ਪਹੁੰਚਾਉਣ ਵਾਲਾ ਕਿਲ੍ਹਾ ਮੁਬਾਰਕ ਆਪਣੀ ਹੋਂਦ ਗੁਆ ਰਿਹਾ ਹੈ। ਕਿਲ੍ਹਾ ਮੁਬਾਰਕ ਦੀ ਨਿਗਰਾਨੀ ਕਰ ਰਹੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਲ੍ਹਾ ਮੁਬਾਰਕ ਦੇ ਇਕ ਹਿੱਸੇ ਵਿਚ ਪੰਜ ਤਾਰਾ ਹੋਟਲ ਬਣਾਉਣ ਲਈ ਕੰਪਨੀ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਅੰਦਰ ਬਣੇ ਹਾਲਾਂ ਵਿੱਚ ਕੰਪਨੀ ਵੱਲੋਂ ਆਪਣੇ ਹਿਸਾਬ ਨਾਲ ਹਿੱਸੇ ਬਣਾਏ ਜਾਣਗੇ।