ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਮਾਰਚ
ਜਲ ਨਿਕਾਸ ਵਿਭਾਗ ਅਤੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਜਾਰੀ ਪਟਿਆਲਾ ਦੀ ਛੋਟੀ ਅਤੇ ਵੱਡੀ ਨਦੀ ਦੀ ਪੁਨਰ ਸੁਰਜੀਤੀ ਸਮੇਤ ਸੁੰਦਰੀਕਰਨ ਤੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਹ 208.33 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਲਈ ਪਟਿਆਲਾ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸ਼ਕ ਸੁਰਭੀ ਮਲਿਕ, ਏਡੀਸੀ ਪੂਜਾ ਸਿਆਲ ਗਰੇਵਾਲ ਤੇ ਜਲ ਨਿਕਾਸ ਵਿਭਾਗ ਦੇ ਨਿਗਰਾਨ ਇੰਜੀਨੀਅਰ ਦਵਿੰਦਰ ਸਿੰਘ ਨੂੰ ਨਾਲ ਲੈ ਕੇ ਇਸ ਸਬੰਧੀ ਜਾਰੀ ਕੰਮ ਦਾ ਜਾਇਜ਼ਾ ਲਿਆ। ਤਫੱਜਲਪੁਰਾ ਵਿਖੇ ਛੋਟੀ ਨਦੀ ਦੀਆਂ ਪਾਈਪਾਂ ਪਾਉਣ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਆਜ਼ਾਦ ਨਗਰ ’ਚ ਪਾਈਪਾਂ ਪਾਈਆਂ ਜਾ ਰਹੀਆਂ ਹਨ। ਪਿੰਡ ਘਲੋੜੀ ਵਿਖੇ 26 ਐੱਮ.ਐੱਲ.ਡੀ ਦਾ ਐੱਸ.ਟੀ.ਪੀ. ਲਗਾਇਆ ਜਾਵੇਗਾ। ਡੀ.ਸੀ ਨੇ ਕਿਹਾ ਕਿ ਛੋਟੀ ਨਦੀ ਦੀ ਕੰਕਰੀਟ ਲਾਈਨਿੰਗ, ਪੈਦਲ ਸੈਰ ਕਰਨ ਅਤੇ ਸਾਈਕ, ਲੰਗ ਲਈ ਟਰੈਕ ਸਮੇਤ ਸੁੰਦਰੀਕਰਨ ਤੇ ਨਵੀਨੀਕਰਨ ਨਾਲ ਇਹ ਨਦੀਆਂ ਵਾਤਾਵਰਣ ਦੀ ਸ਼ੁੱਧਤਾ ਲਈ ਮਦਦਗਾਰ ਹੋਣਗਆਂ। ਸ਼ਹਿਰ ’ਚੋਂ ਪਾਣੀ ਦੀ ਨਿਕਾਸੀ ਦਾ ਮੁੱਖ ਸਾਧਨ ਇਨ੍ਹਾਂ ਨਦੀਆਂ ’ਚ ਮਾਨਸੂਨ ਦੇ ਸੀਜਨ ’ਚ ਖ਼ਤਰਾ ਬਣ ਜਾਂਦਾ ਹੈ ਪਰ ਨਵੀਨੀਕਰਨ ਕਰਕੇ ਜਲ ਨਿਕਾਸ ਵੀ ਠੀਕ ਹੋਵੇਗਾ।