ਪਟਿਆਲਾ (ਖੇਤਰੀ ਪ੍ਰਤੀਨਿਧ): ਇਥੋਂ ਦੇ ਚਿਲੇ ਤਫੱਜਲਪੁਰਾ ਖੇਤਰ ਵਿੱਚ ਮਕਾਨ ਦੀ ਛੱਤ ਡਿੱਗ ਗਈ। ਇਸ ਦੌਰਾਨ ਸਿਰ ’ਚ ਸੱਟ ਵੱੱਜਣ ਕਾਰਨ ਇੱਕ ਮਹਿਲਾ ਜ਼ਖ਼ਮੀ ਹੋ ਗਈ। ਇਹ ਘਟਨਾ ਅੱਜ ਤੜਕੇ ਪੌਣੇ ਕੁ ਤਿੰਨ ਵਜੇ ਵਾਪਰੀ। ਘਰ ਦੀ ਛੱਤ ’ਤੇ ਲੈਂਟਰ ਦੀ ਥਾਂ ਕੜੀਆਂ ਅਤੇ ਬਾਲੇ ਹੀ ਪਾਏ ਹੋਏ ਸਨ। ਇਸ ਘਟਨਾ ਦਾ ਪਤਾ ਲੱਗਣ ’ਤੇ ਹਲਕਾ ਪਟਿਆਲਾ ਦਿਹਾਤੀ ਦੇ ‘ਆਪ’ ਵਿਧਾਇਕ ਡਾ. ਬਲਬੀਰ ਸਿੰਘ ਨੇ ਵੀ ਉਚੇਚੇ ਤੌਰ ’ਤੇ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਿਥੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਉਥੇ ਹੀ ਜ਼ਖ਼ਮੀ ਹੋਏ ਮਹਿਲਾ ਦਾ ਹਾਲ-ਚਾਲ ਵੀ ਪੁੱਛਿਆ। ਉਨ੍ਹਾਂ ਨੇ ਪੀੜਤ ਪਰਿਵਾਰ ਦੀ ਲੋੜੀਂਦੀ ਮਦਦ ਦਾ ਭਰੋਸਾ ਦਿੱਤਾ।