ਪੱਤਰ ਪ੍ਰੇਰਕ
ਪਟਿਆਲਾ, 11 ਮਾਰਚ
ਪਟਿਆਲਾ ਜ਼ਿਲ੍ਹੇ ਦੇ ਪੇਂਡੂ ਖੇਤਰ ਦੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੇ ਵੱਧ ਵੋਟਾਂ ਭੁਗਤਾਉਣ ਵਿੱਚ ਰੁਚੀ ਦਿਖਾਈ ਜਦ ਕਿ ਸ਼ਹਿਰੀ ਖੇਤਰ ਨੇ ਵੋਟਾਂ ਘੱਟ ਭੁਗਤਾਈਆਂ। ਮਹਿਲਾਵਾਂ ਨੇ ਵੀ ਕਰੀਬ ਕਰੀਬ ਪੁਰਸ਼ਾਂ ਦੇ ਬਰਾਬਰ ਹੀ ਵੋਟਾਂ ਪਾਈਆਂ। ਅੰਕੜਿਆਂ ਅਨੁਸਾਰ ਪਟਿਆਲਾ ਸ਼ਹਿਰੀ ਵਿਚ 53923 (66.24 ਫ਼ੀਸਦੀ) ਪੁਰਸ਼ਾਂ ਨੇ ਅਤੇ 48689 (63.94 ਫ਼ੀਸਦੀ) ਵੋਟ ਮਹਿਲਾਵਾਂ ਦੀ ਭੁਗਤੀ। ਪਟਿਆਲਾ ਦਿਹਾਤੀ ਤੋਂ ਚੋਣ ਲੜੀ ਕਿੰਨਰ ਜਸਦੇਵ ਸਿੰਘ ਉਰਫ਼ ਜਸਲੀਨ ਨੂੰ ਵੀ 127 ਵੋਟਾਂ ਨਾਲ ਵੋਟਰਾਂ ਨੇ ਨਿਵਾਜਿਆ ਜਦ ਕਿ ਪਟਿਆਲਾ ਦਿਹਾਤੀ ਵਿਚ 12 ਕਿੰਨਰਾਂ ਵਿੱਚੋਂ ਸਿਰਫ਼ 5 ਨੇ ਹੀ ਵੋਟ ਭੁਗਤਾਈ ਹੈ।