ਰਵੇਲ ਸਿੰਘ ਭਿੰਡਰ
ਪਟਿਆਲਾ, 20 ਸਤੰਬਰ
ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਸੂਬਾਈ ਆਗੂ ਬੀਬੀ ਸਵਰਾਜ ਘੁੰਮਣ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ। ਜ਼ਿਲ੍ਹਾ ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਵਿੱਚ ਅੱਜ ਸਵਰਾਜ ਘੁੰਮਣ ਨੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ। ਇਸ ਮੌਕੇ ਕੋਹਲੀ ਤੇ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਬੀਬੀ ਘੁੰਮਣ ਦਾ ਸਵਾਗਤ ਕੀਤਾ ਗਿਆ।
ਸਵਰਾਜ ਘੁੰਮਣ ਨੇ ਦਾਅਵਾ ਕੀਤਾ ਹੈ ਕਿ ਉਹ ਇਸਤਰੀ ਅਕਾਲੀ ਦਲ ਦੀ ਸਲਾਹਕਾਰ ਤੇ ਬੁਲਾਰਾ ਵਜੋਂ ਵੀ ਕਾਰਜ਼ਸ਼ੀਲ ਸਨ, ਪਰ ਪਿਛਲੇ ਕੁਝ ਸਮੇਂ ਤੋਂ ਉਹ ਅਕਾਲੀ ਦਲ ਦੀ ਰਾਜਨੀਤੀ ਤੋਂ ਨਾਖੁਸ਼ ਸਨ। ਬੀਬੀ ਘੁੰਮਣ ਨੇ ਦਾਅਵਾ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੇਸ਼ ਵਿਆਪੀ ਨੀਤੀਆਂ ਨੂੰ ਪਸੰਦ ਕਰਦਿਆਂ ਭਾਜਪਾ ‘ਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਇਸ ਮੌਕੇ ਭਾਜਪਾ ਦੇ ਸਥਾਨਕ ਸ਼ਹਿਰੀ ਮਹਾਮੰਤਰੀ ਬਲਵਿੰਦਰ ਸਿੰਘ, ਉਪ ਪ੍ਰਧਾਨ ਵਰੁਣ ਜਿੰਦਲ, ਮੀਡੀਆ ਇੰਚਾਰਜ ਰਾਹੁਲ ਮਹਿਤਾ, ਯੂਨੀਵਰਸਿਟੀ ਮੰਡਲ ਪ੍ਰਧਾਨ ਅਮਿਤ ਸੂਦ, ਅਜੈ ਗੋਇਲ, ਯੁਵਾ ਮੋਰਚਾ ਪ੍ਰਧਾਨ ਪੰਕਜ ਕੋਹਲੀ, ਮਹਿਲਾ ਮੋਰਚਾ ਮਹਾ ਮੰਤਰੀ ਜਸਬੀਰ ਕੌਰ ਅਤੇ ਉਪ ਪ੍ਰਧਾਨ ਰਿੰਕੀ ਭੰਡਾਰੀ ਸ਼ਾਮਲ ਸਨ।