ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਪਰੈਲ
ਵਿਕਾਸ ਕਲੋਨੀ ਵਿਖੇ ਚਾਰ ਦਿਨ ਪਹਿਲਾਂ ਰਾਤ ਨੂੰ 65 ਸਾਲਾ ਮਹਿਲਾ ਦੀ ਹੱਤਿਆ ਕਰਕੇ ਘਰ ਵਿਚੋਂ ਲੱਖਾਂ ਰੁਪਏ ਦੀ ਕੀਤੀ ਗਈ ਲੁੱਟ ਦੇ ਮਾਮਲੇ ਨੂੰ ਸੁਲਝਾਉਦਿਆਂ ਪੁਲੀਸ ਨੇ ਇਸ ਕਤਲ ਨੂੰ ਅੰਜਾਮ ਦੇਣ ਵਾਲ਼ੇ ਤਿੰਨ ਵਿਚੋਂ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਤੀਜੇ ਦੀ ਤਲਾਸ਼ ਜਾਰੀ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਲੁੱਟ ਦਾ 40 ਲੱਖ ਰੁਪਏ ਦਾ ਸਾਜ਼ੋ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਕਮਲੇਸ਼ ਸਿੰਗਲਾ ਨਾਮ ਦੀ ਇਸ ਮਹਿਲਾ ਦੀ ਹੱਤਿਆ ਬੜੀ ਹੀ ਬੇਰਹਿਮੀ ਨਾਲ਼ ਕੀਤੀ ਗਈ ਸੀ। ਹਤਿਆਰਿਆਂ ਨੇ ਉਸ ਦੇ ਮੂੰਹ ’ਤੇ ਟੇਪ ਲਪੇਟ ਦਿੱਤੀ ਸੀ ਜਿਸ ਕਾਰਨ ਉਸ ਦਾ ਦਮ ਘੁੱਟ ਗਿਆ ਸੀ।
ਕਮਲੇਸ਼ ਸਿੰਗਲਾ ਦੇ ਦੋ ਲੜਕੇ ਭਾਵੇਂ ਕਿ ਚੰਡੀਗੜ੍ਹ ਰਹਿੰਦੇ ਹਨ, ਪਰ ਤੀਜਾ ਲੜਕਾ ਹੈਰੀ ਸਿੰਗਲਾ ਪਟਿਆਲਾ ਵਿਖੇ ਹੀ ਵਕਾਲਤ ਕਰਦਾ ਹੈ।
ਇਹ ਹੱਤਿਆ ਨੂੰ ਉਸ ਕੋਲ਼ ਹੀ ਮੁਣਸ਼ੀ ਵਜੋਂ ਕੰਮ ਕਰਦੇ ਰਹੇ ਸਨੌਰ ਦੇ ਪਠਾਣਾ ਵਾਲਾ ਮੁਹੱਲਾ ਦੇ ਵਸਨੀਕ ਵਿਕਰਮਜੀਤ ਸਿੰਘ ਨੇ ਆਪਣੇ ਦੋ ਸਾਥੀਆਂ ਅਮਰਿੰਦਰ ਸਿੰਘ ਵਾਸੀ ਲਲੌਛੀ ਅਤੇ ਗਗਨਦੀਪ ਸਿੰਘ ਵਾਸੀ ਸਨੌਰ ਦੀ ਮਦਦ ਨਾਲ਼ ਅੰਜਾਮ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲ਼ਝਾਓਣ ਲਈ ਐਸਐਸਪੀ ਵਿਕਰਮਜੀਤ ਦੁੱਗਲ ਨੇ ਐਸ.ਪੀ (ਸਿਟੀ) ਵਰੁਣ ਸ਼ਰਮਾ, ਐਸਪੀ (ਡੀ) ਹਰਮੀਤ ਹੁੰਦਲ, ਡੀਐਸਪੀ ਡੀ ਕਿ੍ਰਸ਼ਨ ਕੁਮਾਰ ਪੈਂਥੇ, ਡੀਐਸਪੀ ਘਨੌ+ ਜਸਵਿੰਦਰ ਸਿੰਘ ਟਿਵਾਣਾ, ਅਤੇ ਸੀ.ਆਈ.ਏ ਪਟਿਆਲਾ ਦੇ ਇੰਚਾਰਜ ਰਾਹੁਲ ਕੌਸ਼ਲ ’ਤੇ ਆਧਾਰਤ ਇੱਕ ‘ਸਿੱਟ’ ਦਾ ਗਠਨ ਕੀਤਾ ਸੀ। ਇਸ ਸਿੱਟ ਨੇ ਹੀ ਕਤਲ ਅਤੇ ਲੁੱਟ ਦੀ ਇਸ ਵਾਰਦਾਤ ਨੂੰ ਸੁਲ਼ਝਾਇਆ ਹੈ। ਜਿਸ ਦੌਰਾਨ ਵਿਕਰਮ ਅਤੇ ਅਮਰਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੀਆਂ ਸਾਰੀਆਂ ਕੀਮਤੀ ਚੀਜ਼ਾਂ ਬਰਾਮਦ ਕਰ ਲਈਆਂ ਗਈਆਂ।