ਪੱਤਰ ਪ੍ਰੇਰਕ
ਸਮਾਣਾ, 28 ਫਰਵਰੀ
ਸਮਾਣਾ-ਸ਼ੁਤਰਾਣਾ ਸੜਕ ’ਤੇ ਪਿੰਡ ਬਕਰਾਹਾ ਨੇੜੇ ਕਾਰ ਦੇ ਅੱਗੇ ਆਵਾਰਾ ਪਸ਼ੂ ਦੇ ਆ ਜਾਣ ਕਾਰਨ ਵਾਪਰੇ ਸੜਕ ਹਾਦਸੇ ’ਚ ਔਰਤ ਦੀ ਮੌਤ ਹੋ ਗਈ ਜਦੋਂ ਕਿ ਕਾਰ ਸਵਾਰ ਉਸ ਦਾ ਪੁੱਤਰ, ਨੂੰਹ ਤੇ ਪੋਤਾ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਪ੍ਰੰਤੂ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਮ੍ਰਿਤਕ ਔਰਤ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
ਮਾਮਲੇ ਦੀ ਜਾਂਚ ਅਧਿਕਾਰੀ ਬਾਦਸ਼ਾਹਪੁਰ ਪੁਲੀਸ ਮੁਖੀ ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਸਵਰਨ ਕੌਰ (55) ਪਤਨੀ ਗਿਆਨ ਸਿੰਘ ਨਿਵਾਸੀ ਪਿੰਡ ਬਾਦਸ਼ਾਹਪੁਰ ਆਪਣੇ ਪੁੱਤਰ ਦਿਲਬਾਗ ਸਿੰਘ, ਨੂੰਹ ਕਮਲਜੀਤ ਕੌਰ ਅਤੇ ਪੋਤੇ ਗੁਰਨੂਰ ਨਾਲ ਖਟਕਾ ਹਰਿਆਣਾ ’ਚ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਉਪਰੰਤ ਆਪਣੇ ਘਰ ਪਿੰਡ ਵਾਪਸ ਆ ਰਹੇ ਸਨ। ਪਿੰਡ ਬਕਰਾਹਾ ਨੇੜੇ ਸੜਕ ’ਤੇ ਅਚਾਨਕ ਉਨ੍ਹਾਂ ਦੀ ਕਾਰ ਅੱਗੇ ਆਵਾਰਾ ਪਸ਼ੂ ਦੇ ਆ ਜਾਣ ਕਾਰਨ ਕਾਰ ਬੇਕਾਬੂ ਹੋ ਕੇ ਖਤਾਨਾਂ ਵਿੱਚ ਜਾ ਡਿੱਗੀ ਅਤੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ’ਚ ਸਵਰਨ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਕਾਰ ਚਾਲਕ ਪੁੱਤਰ, ਨੂੰਹ ਅਤੇ ਪੋਤਾ ਜ਼ਖ਼ਮੀ ਹੋ ਗਏ ਅਤੇ ਕਾਰ ਵੀ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਪੁਲੀਸ ਅਧਿਕਾਰੀ ਦੇ ਅਨੁਸਾਰ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਪਰਿਵਾਰ ਹਵਾਲੇ ਕਰ ਦਿੱਤਾ।