ਪੱਤਰ ਪ੍ਰੇਰਕ
ਰਾਜਪੁਰਾ, 20 ਅਗਸਤ
ਥਾਣਾ ਸਦਰ ਦੀ ਪੁਲੀਸ ਨੇ ਇੱਕ ਔਰਤ ਨੂੰ ਕਿੱਲੋ ਅਫੀਮ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਰਾਜਪੁਰਾ ਸੁਰਿੰਦਰ ਮੋਹਨ ਅਤੇ ਐੱਸਐੱਚਓ ਸਦਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਰੋਸ਼ਨ ਕੁਮਾਰ ਨੇ ਸਣੇ ਪੁਲੀਸ ਪਾਰਟੀ ਰਾਜਪੁਰਾ-ਸਰਹਿੰਦ ਜੀ.ਟੀ ਰੋਡ ’ਤੇ ਏਜੀਐਮ ਰਿਜੋਰਟ ਬਸੰਤਪੁਰਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇੱਕ ਬੱਸ ਦੀ ਚੈਕਿੰਗ ਦੌਰਾਨ ਸ਼ੱਕੀ ਔਰਤ ਨਾਜ਼ਮਾ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਕਿਲੋ ਅਫੀਮ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮ ਔਰਤ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐਸਪੀ ਨੇ ਦੱਸਿਆ ਕਿ ਸਦਰ ਪੁਲੀਸ ਨੇ ਦੋ ਦਿਨ ਪਹਿਲਾਂ ਦੋ ਬੱਸ ਸਵਾਰਾਂ ਨਿਰਭੈ ਸਿੰਘ ਅਤੇ ਜੋਬਨਪ੍ਰੀਤ ਸਿੰਘ ਨੂੰ 260 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਤਿੰਨੇ ਮੁਲਜ਼ਮ ਪੁਲੀਸ ਰਿਮਾਂਡ ’ਤੇ ਹਨ।
ਸਮਾਣਾ (ਪੱਤਰ ਪ੍ਰੇਰਕ): ਸਦਰ ਪੁਲੀਸ ਦੇ ਏਐੱਸਆਈ ਗੁਰਬਚਨ ਸਿੰਘ ਨੇ ਪਿੰਡ ਬਿਜਲਪੁਰ ਨੇੜੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਪਿੰਡ ਵੱਲੋਂ ਪੈਦਲ ਆ ਰਹੀ ਇਕ ਔਰਤ ਪੁਲੀਸ ਦਾ ਨਾਕਾ ਦੇਖ ਕੇ ਹੱਥ ਵਿੱਚ ਫੜਿਆ ਲਿਫਾਫਾ ਸੁੱਟ ਕੇ ਫ਼ਰਾਰ ਹੋ ਗਈ। ਲਿਫਾਫਾ ਚੈੱਕ ਕਰਨ ਤੇ ਉਸ ਵਿੱਚੋਂ 240 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਮੁਲਜ਼ਮ ਦੀ ਸ਼ਨਾਖ਼ਤ ਅਜਮੇਰੋ ਪਤਨੀ ਮਿਰਜ਼ਾ ਸਿੰਘ ਵਾਸੀ ਪਿੰਡ ਬਿਜਲਪੁਰ ਵਜੋਂ ਹੋਈ। ਉਸ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।