ਖੇਤਰੀ ਪ੍ਰਤੀਨਿਧ
ਪਟਿਆਲਾ, 30 ਜਨਵਰੀ
ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ‘ਪੰਜਾਬ ਲੋਕ ਕਾਂਗਰਸ’ ਵਿੱਚ ਸ਼ਾਮਲ ਹੋਏ ਤੇ ਫਿਰ ਕੁਝ ਦਿਨ ਪਹਿਲਾਂ ਹੀ ਰਾਜਪੁਰਾ ਵਿੱਚ ਭਾਜਪਾ ਵੱਲੋਂ ਆਪਣੇ ਉਮੀਦਵਾਰ ਬਣਾਏ ਗਏ ਜਗਦੀਸ਼ ਕੁਮਾਰ ਜੱਗਾ ਦੇ ਚੋਣ ਪਿੜ ’ਚ ਉਤਰਨ ਨਾਲ ਰਾਜਪੁਰਾ ਚ ਸਮੀਕਰਨ ਬਦਲ ਸਕਦੇ ਹਨ। ਦੱਸਣਯੋਗ ਹੈ ਕਿ ਜੱਗਾ ਪੀਐੱਲਸੀ ਛੱਡ ਕੇ ਭਾਜਪਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਹੀ ਸ਼ਾਮਲ ਹੋਏ ਹਨ। ਰਾਜਪੁਰਾ ਸੀਟ ਪਿਛਲੇ ਸਮੇਂ ਤੋਂ ਭਾਜਪਾ ਦੇ ਹਿੱਸੇ ਹੀ ਰਹੀ ਹੋਣ ਕਰਕੇ ਭਾਜਪਾ ਸੀਟ ਤੋਂ ਦਾਅਵਾ ਨਹੀਂ ਛੱਡ ਰਹੀ ਕਿਉਂਕਿ ਕਿਸਾਨ ਅੰਦੋਲਨ ਦੌਰਾਨ ਚਰਚਿਤ ਰਹੇ ਭਾਜਪਾ ਆਗੂ ਹਰਜੀਤ ਗਰੇਵਾਲ ਹੀ ਰਾਜਪੁਰਾ ਤੋਂ ਭਾਜਪਾ ਉਮੀਦਵਾਰ ਬਣਦੇ ਰਹੇ ਹਨ।
ਦੂਜੇ ਪਾਸੇ ਅਮਰਿੰਦਰ ਸਿੰਘ ਵੀ ਜਗਦੀਸ਼ ਜੱਗਾ ਨੂੰ ਹਰ ਹਾਲਤ ਵਿੱਚ ਚੋਣ ਲੜਾਉਣਾ ਲੋਚਦੇ ਸਨ। ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਹਾਈਕਮਾਨ ’ਤੇ ਵਧੇਰੇ ਜ਼ੋਰ ਪਾਉਣ ਦੇ ਚੱਲਦਿਆਂ, ਦੋਵਾਂ ਧਿਰਾਂ ’ਚ ਬਣੀ ਸਹਿਮਤੀ ਦੌਰਾਨ ਜੱਗਾ ਨੂੰ ਭਾਜਪਾ ਵਿੱਚ ਸ਼ਾਮਲ ਕਰਕੇ ਹੁਣ ਕਮਲ ਦੇ ਫੁੱਲ ’ਤੇ ਚੋਣ ਲੜਾਈ ਜਾ ਰਹੀ ਹੈ। ਪਿਛਲੀ ਵਾਰ ਜਗਦੀਸ਼ ਕੁਮਾਰ ਜੱਗਾ ਨੇ ਰਾਜਪੁਰਾ ਤੋਂ ਹੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦਿਆਂ, ਪੰਦਰਾਂ ਹਜ਼ਾਰ ਦੇ ਕਰੀਬ ਵੋਟਾਂ ਹਾਸਲ ਕੀਤੀਆਂ ਸਨ ਜਦ ਕਿ ਉਦੋਂ ਅਕਾਲੀ-ਭਾਜਪਾ ਉਮੀਦਵਾਰ ਵਜੋਂ ਚੋਣ ਲੜੇ ਹਰਜੀਤ ਸਿੰਘ ਗਰੇਵਾਲ ਨੂੰ ਅਠਾਰਾਂ ਹਜ਼ਾਰ ਵੋਟ ਮਿਲੀ ਸੀ। ਉਂਜ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਗਰੇਵਾਲ ਨੂੰ ਭਾਜਪਾ ਵੱਲੋਂ ਕੇਂਦਰ ਵਿੱਚ ਕਿਤੇ ਐਡਜਸਟ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਜਗਦੀਸ਼ ਜੱਗਾ ਦਾ ਰਾਜਪੁਰਾ ਵਿੱਚ ਬਹੁ ਗਿਣਤੀ ਵਿੱਚ ਮੌਜੂਦ ਬਹਾਵਲਪੁਰ ਸਮਾਜ ਸਮੇਤ ਹੋਰ ਆਸੇ ਪਾਸੇ ਵੀ ਚੰਗਾ ਆਧਾਰ ਹੈ। ਉਹ ਅਕਾਲੀ ਦਲ, ‘ਆਪ’ ਅਤੇ ਕਾਂਗਰਸ ਤਿੰਨਾਂ ਧਿਰਾਂ ਦੀਆਂ ਵੋਟਾਂ ਨੂੰ ਕਾਟ ਲਾਉਣਗੇ।