ਗੁਰਨਾਮ ਸਿੰਘ ਚੌਹਾਨ
ਪਾਤੜਾਂ, 27 ਅਕਤੂਬਰ
ਪਿੰਡ ਨਾਈਵਾਲਾ ਦੀ ਗੂੰਗੀ-ਬੋਲੀ ਲੜਕੀ ਦੀ ਸਹੁਰਾ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਲੜਕੀ ਦੇ ਪੇਕੇ ਪਰਿਵਾਰ ਨੇ ਲੜਕੀ ਨੂੰ ਪਾਤੜਾਂ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਇਲਾਜ ਲਈ ਦਾਖਲ ਕਰਵਾ ਕੇ ਪੁਲੀਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ।
ਪੀੜਤ ਲੜਕੀ ਦੇ ਪਿਤਾ ਬਲਜੀਤ ਕੁਮਾਰ ਅਤੇ ਮਾਂ ਗੀਤਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੀ ਜਨਮ ਤੋਂ ਗੂੰਗੀ-ਬੋਲੀ ਲੜਕੀ ਮਨੀਸ਼ਾ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਪਾਦਰੀ ਖੇੜਾ ਵਾਸੀ ਰਵੀ ਕੁਮਾਰ ਨਾਲ ਹੋਇਆ ਸੀ। ਲੜਕੀ ਦਾ ਰਿਸ਼ਤਾ ਪਰਿਵਾਰ ਨੇ ਮੰਗ ਕੇ ਲਿਆ ਸੀ ਪਰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਦਾਜ ਦੀ ਮੰਗ ਨੂੰ ਲੈ ਕੇ ਸਹੁਰਾ ਪਰਿਵਾਰ ਨੇ ਲੜਕੀ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਦੋ ਤਿੰਨ ਵਾਰ ਪੰਚਾਇਤੀ ਦਬਾਅ ਹੇਠ ਉਨ੍ਹਾਂ ਨੇ ਲੜਕੀ ਨੂੰ ਸਹੁਰੇ ਪਰਿਵਾਰ ਭੇਜ ਦਿੱਤਾ ਪਰ ਹੁਣ ਸਹੁਰਾ ਪਰਿਵਾਰ ਦੇ ਕਥਿਤ ਜ਼ੁਲਮ ਦੀ ਉਸ ਸਮੇਂ ਹੱਦ ਨਾ ਰਹੀ ਜਦੋਂ ਦੀਵਾਲੀ ਤੋਂ ਅਗਲੇ ਦਿਨ ਉਸ ਦਾ ਭਰਾ ਸੌਰਭ ਲੜਕੀ ਕੋਲ ਗਿਆ। ਲੜਕੀ ਦਾ ਸਹੁਰਾ ਪਰਿਵਾਰ ਉਸ ਨੂੰ ਲੜਕੀ ਦੇ ਨੇੜੇ ਜਾਣ ਤੋਂ ਰੋਕਣ ਲੱਗਾ। ਜਦੋਂ ਸੌਰਭ ਵਾਪਸ ਤੁਰਨ ਲੱਗਾ ਤਾਂ ਲੜਕੀ ਨੂੰ ਪਿਆਰ ਦੇਣ ਦੇ ਮਕਸਦ ਨਾਲ ਉਸ ਦੇ ਮੋਢੇ ਉੱਤੇ ਹੱਥ ਰੱਖਿਆ ਤਾਂ ਲੜਕੀ ਦੀਆਂ ਚੀਕਾਂ ਨਿਕਲ ਗਈਆਂ। ਇਸ ਮਗਰੋਂ ਉਸ ਨੇ ਦੇਖਿਆ ਕਿ ਕੁੜੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੋਈ ਸੀ ਅਤੇ ਉਸ ਦੇ ਸਰੀਰ ਬਹੁਤ ਸਾਰੇ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਦੇ ਲੜਕੇ ਨੇ ਘਰ ਆ ਕੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਪੇਕੇ ਪਰਿਵਾਰ ਨੇ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ।
ਥਾਣਾ ਸ਼ੁਤਰਾਣਾ ਦੀ ਪੁਲੀਸ ਨੇ ਜੀਂਦ ਪੁਲੀਸ ਨੂੰ ਕਾਰਵਾਈ ਕਰਨ ਲਈ ਕਿਹਾ
ਥਾਣਾ ਸ਼ੁਤਰਾਣਾ ਦੇ ਇੰਚਾਰਜ ਮੋਹਨ ਸਿੰਘ ਨੇ ਦੱਸਿਆ ਹੈ ਕਿ ਲੜਕੀ ਦੇ ਪਰਿਵਾਰ ਨੇ ਧੀ ਦੀ ਕੁੱਟਮਾਰ ਬਾਰੇ ਥਾਣਾ ਸ਼ੁਤਰਾਣਾ ਨੂੰ ਸੂਚਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਹਰਿਆਣਾ ਰਾਜ ਨਾਲ ਸਬੰਧਤ ਹੋਣ ਕਰਕੇ ਜੀਂਦ ਪੁਲੀਸ ਨੂੰ ਕਾਰਵਾਈ ਕਰਨ ਹਿੱਤ ਜਾਣਕਾਰੀ ਦੇ ਦਿੱਤੀ ਗਈ।