ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਗਸਤ
9ਵੀਂ ਜਮਾਤ ’ਚ ਪੜ੍ਹਦੇ ਹਰਮਨ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਕਦੇ ਡਿਪਟੀ ਕਮਿਸ਼ਨਰ ਦੀ ਕੁਰਸੀ ’ਤੇ ਵੀ ਬੈਠ ਸਕੇਗਾ, ਪਰ ਉਸ ਦੇ ਅੰਤਰਮਨ ’ਚ ਸੰਜੋਇਆ ਡੀ.ਸੀ. ਬਣਨ ਦਾ ਸੁਪਨਾ ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਾਕਾਰ ਕਰ ਦਿੱਤਾ। ਦਰਅਸਲ, ਸਰਕਾਰੀ ਹਾਈ ਸਕੂਲ ਨਰੜੂ ਦੇ 9ਵੀਂ ਤੇ 10ਵੀਂ ਜਮਾਤ ਦੇ 39 ਵਿਦਿਆਰਥੀਆਂ ਦਾ ਵਫ਼ਦ ਸਾਇੰਸ ਮਿਸਟ੍ਰੈਸ ਸੁਰਭੀ ਗੁਪਤਾ ਤੇ ਡੀ.ਪੀ. ਹਰਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿੱਚ ਕੈਰੀਅਰ ਗਾਇਡੈਂਸ ਲੈਣ ਲਈ ਪੁੱਜਿਆ ਸੀ। ਉਨ੍ਹਾਂ ਜਦੋਂ ਮਿਲਣ ਦੀ ਇੱਛਾ ਜਤਾਈ ਤਾਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਪਣੇ ਰੁਝੇਵੇਂ ਕੁਝ ਪਲਾਂ ਲਈ ਲਾਂਭੇ ਕਰਦਿਆਂ ਇਨ੍ਹਾਂ ਵਿਦਿਆਰਥੀਆਂ ਨੂੰ ਮਿਲਣ ਲਈ ਆਪਣੇ ਦਫ਼ਤਰ ਬੁਲਾ ਲਿਆ। ਡਿਪਟੀ ਕਮਿਸ਼ਨਰ ਵੱਲੋਂ ਭਵਿੱਖ ਦੀਆਂ ਯੋਜਨਾਵਾਂ ਪੁੱਛਣ ’ਤੇ ਕਿਸੇ ਨੇ ਕੁਝ ਤੇ ਕਿਸੇ ਨੇ ਕੁਝ ਦੱਸਿਆ, ਪਰ ਇਸ ਦੌਰਾਨ ਜਦੋਂ ਨੌਵੀਂ ਦੇ ਵਿਦਿਆਰਥੀ ਹਰਮਨ ਸਿੰਘ ਨੇ ਆਪਣੇ ਜਿਹਨ ’ਚ ਵਸਾਈ ਡੀ.ਸੀ. ਬਣਨ ਦੀ ਇੱਛਾ ਉਜਾਗਰ ਕੀਤੀ ਤਾਂ ਡਿਪਟੀ ਕਮਿਸ਼ਨਰ ਨੇ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਰੁਝਾਨ ਮੁਤਾਬਕ ਮਾਰਗਦਰਸ਼ਨ ਕਰਦਿਆਂ ਹਰਮਨ ਸਿੰਘ ਨੂੰ ਆਪਣੀ ਕੁਰਸੀ ’ਤੇ ਬਿਠਾ ਕੇ ਉਸ ਨੂੰ ਮੁਕਾਬਲੇ ਦੇ ਇਮਤਿਹਾਨ ਪਾਸ ਕਰਨ ਦੀ ਸਹੀ ਸੇਧ ਦਿੱਤੀ। ਹਰਮਨ ਸਿੰਘ ਨੇ ਕਿਹਾ ਕਿ ਉਸ ਨੇ ਤਾਂ ਸੁਪਨਾ ਵੀ ਨਹੀਂ ਸੀ ਲਿਆ ਕਿ ਉਹ ਕਦੇ ਡਿਪਟੀ ਕਮਿਸ਼ਨਰ ਦੀ ਕੁਰਸੀ ’ਤੇ ਬੈਠ ਵੀ ਸਕੇਗਾ, ਪਰ ਡਿਪਟੀ ਕਮਿਸ਼ਨਰ ਮੈਡਮ ਨੇ ਉਸਦਾ ਸੁਪਨਾ ਸਾਕਾਰ ਕਰ ਦਿੱਤਾ ਹੈ ਅਤੇ ਉਹ ਖ਼ੂੂਬ ਮਿਹਨਤ ਕਰੇਗਾ। ਬਾਕੀ ਬੱਚਿਆਂ ਨੇ ਵੀ ਬਹੁਤ ਉਤਸ਼ਾਹ ਨਾਲ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰ ਕੇ ਮਿਹਨਤ ਕਰਨ ਦਾ ਪ੍ਰਣ ਲਿਆ।
ਇਸ ਮੌਕੇ ਬੱਚਿਆਂ ਨੂੰ ਮੁਖ਼ਾਤਬ ਹੁੰਦਿਆਂ ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਬੱਚੇ ਵੱਡੇ ਸੁਪਨੇ ਦੇਖਣ ਅਤੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਮਾਪਿਆਂ ਅਤੇ ਅਧਿਆਪਕਾਂ ਤੋਂ ਮਦਦ ਲੈਣ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਵਿਦਾ ਕੀਤਾ। ਇਸ ਮੌਕੇ ਐੱਸ.ਡੀ.ਐੱਮ. ਡਾ. ਇਸਮਤ ਵਿਜੇ ਸਿੰਘ ਵੀ ਮੌਜੂਦ ਸਨ।