ਗੁਰਨਾਮ ਸਿੰਘ ਚੌਹਾਨ
ਪਾਤੜਾਂ, 17 ਜਨਵਰੀ
ਘੱਗਰ ਨੇੜੇ ਵਸੇ ਜ਼ਿਆਦਾਤਰ ਪਿੰਡਾਂ ਦੀ ਜ਼ਮੀਨ ਲਾਲ ਚੀਕਣੀ (ਭਾਵ ਡਾਕਰ) ਕਿਸਮ ਦੀ ਹੈ। ਇਸ ਵਿੱਚ ਪਾਣੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈ, ਜਿਸ ਕਾਰਨ ਪੋਹ ਦੇ ਮਹੀਨੇ ਹੋਈ ਭਾਰੀ ਬਰਸਾਤ ਕਾਰਨ ਭਰਿਆ ਪਾਣੀ ਕਿਸਾਨਾਂ ਲਈ ਅਜੇ ਵੀ ਮੁਸੀਬਤ ਬਣਿਆ ਹੋਇਆ ਹੈ। ਕਿਸਾਨ ਵੱਲੋਂ ਕਈ ਹੀਲੇ ਵਰਤਣ ਦੇ ਬਾਵਜੂਦ ਕਣਕ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਫਿਰ ਮੀਂਹ ਪੈਣ ਦੀ ਸੰਭਾਵਨਾ ਨੇ ਕਿਸਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬਹੁਤ ਸਾਰੇ ਕਿਸਾਨਾਂ ਨੂੰ ਫ਼ਸਲ ਖ਼ਰਾਬ ਹੋਣ ਦਾ ਡਰ ਖਾ ਰਿਹਾ ਹੈ।
ਸਬ-ਡਿਵੀਜ਼ਨ ਪਾਤੜਾਂ ਦੇ ਘੱਗਰ ਦੇ ਕੰਢਿਆਂ ਨੇੜੇ ਵਸੇ ਜ਼ਿਆਦਾਤਰ ਪਿੰਡਾਂ ਦੀ ਜ਼ਮੀਨ ਲਾਲ ਚੀਕਣੀ (ਡਾਕਰ) ਹੋਣ ਕਰਕੇ ਕਣਕ ਸਮੇਤ ਹੋਰ ਫ਼ਸਲਾਂ ਵਿੱਚ ਬਰਸਾਤ ਦਾ ਭਰਿਆ ਪਾਣੀ ਮਾਰੂ ਸਾਬਤ ਹੋ ਰਿਹਾ ਹੈ। ਘੱਗਰ ਪੱਟੀ ਦੇ ਪਿੰਡ ਨਾਈਵਾਲਾ, ਗੁਲਾੜ੍ਹ, ਜੋਗੇਵਾਲਾ, ਸ਼ੁਤਰਾਣਾ, ਕਰਤਾਰਪੁਰ, ਰਸੌਲੀ, ਸਧਾਰਨਪੁਰ ਸਮੇਤ ਦਰਜਨ ਤੋਂ ਵੱਧ ਹੋਰ ਪਿੰਡਾਂ ਵਿੱਚ ਹਜ਼ਾਰਾਂ ਏਕੜ ਫ਼ਸਲ ਪਾਣੀ ਕਾਰਨ ਬਰਬਾਦ ਹੁੰਦੀ ਨਜ਼ਰ ਆ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਫਸਲਾਂ ਬਚਾਉਣ ਲਈ ਉਨ੍ਹਾਂ ਵੱਲੋਂ ਜੇਸੀਬੀ ਮਸ਼ੀਨਾਂ ਨਾਲ ਖੇਤਾਂ ਵਿੱਚ ਹੀ ਵੱਡੇ-ਵੱਡੇ ਟੋਏ ਪੁੱਟ ਕੇ ਉਨ੍ਹਾਂ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਕੁੱਝ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਖੇਤਾਂ ਵਿੱਚ ਖੜ੍ਹਿਆ ਪਾਣੀ ਇੰਜਣਾਂ ਦੀ ਮਦਦ ਨਾਲ ਰਜਵਾਹਿਆਂ ਵਿੱਚ ਸੁੱਟਣ ਲੱਗੇ ਹੋਏ ਹਨ। ਇਸੇ ਦੌਰਾਨ ਕੁਝ ਕੀੜੇਮਾਰ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਕਣਕ ਦੇ ਫੁਟਾਰੇ ਲਈ ਕੀੜੇਮਾਰ ਦਵਾਈਆਂ ਪਾਉਣ ਦੀ ਸਲਾਹ ਦਿੱਤੇ ਜਾਣ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਚੋਣ ਜ਼ਾਬਤਾ ਲੱਗ ਜਾਣ ਕਰਕੇ ਸਰਕਾਰ ਦੇ ਹੱਥ ਬੰਨ੍ਹੇ ਗਏ ਹਨ। ਸਰਕਾਰ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਲਈ ਭਾਵੇਂ ਹੁਣ ਕੋਈ ਐਲਾਨ ਨਹੀਂ ਕਰ ਸਕਦੀ ਪਰ ਆਉਣ ਵਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਰਾਹਤ ਦੇਣ ਲਈ ਯੋਗ ਮੁਆਵਜ਼ਾ ਦੇਣ ਦੀ ਕੋਸ਼ਿਸ਼ ਕਰੇ।