ਪੱਤਰ ਪ੍ਰੇਰਕ
ਘਨੌਰ, 3 ਅਪਰੈਲ
ਇੱਥੋਂ ਦੀ ਅਨਾਜ ਮੰਡੀ ਵਿੱਚ ਕਣਕ ਦੀ ਨਵੀਂ ਫਸਲ ਦੀ ਆਮਦ ਹੋਣ ਦੇ ਬਾਵਜੂਦ ਕਣਕ ਦੀ ਖਰੀਦ ਨਹੀਂ ਹੋਈ। ਭਾਵੇਂ ਕਿ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ 1 ਅਪਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਘਨੌਰ ਦੀ ਅਨਾਜ ਮੰਡੀ ਵਿੱਚ ਪਿੰਡ ਕਾਮੀ ਕਲਾਂ ਵਾਸੀ ਕਿਸਾਨ ਰੁਪਿੰਦਰ ਸਿੰਘ ਆਪਣੀ ਕਣਕ ਦੀ ਪਲੇਠੀ ਟਰਾਲੀ ਲੈ ਕੇ ਪੁੱਜਿਆ। ਪ੍ਰੰਤੂ ਮੰਡੀ ਵਿੱਚ ਸੰਬਧਤ ਖਰੀਦ ਏਜੰਸੀ ਕੋਲ ਬਾਰਦਾਨੇ ਦੀ ਅਣਹੋਂਦ ਕਾਰਨ ਕਣਕ ਦੀ ਬੋਲੀ ਨਹੀਂ ਲੱਗ ਸਕੀ। ਇਸ ਸੰਬਧੀ ਸੰਪਰਕ ਕਰਨ ’ਤੇ ਮਾਰਕੀਟ ਕਮੇਟੀ ਦੇ ਸਕੱਤਰ ਜੈ ਵਿਜੇ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਖਰੀਦ ਪ੍ਰਬੰਧ ਮੁਕਮੰਲ ਹਨ। ਪ੍ਰੰਤੂ ਅੱਜ ਆਮਦ ਹੋਈ ਕਣਕ ਦੀ ਫਸਲ ਵਿੱਚ ਨਮੀ ਵਧੇਰੇ ਹੋਣ ਕਾਰਨ ਵਿਕਣੋਂ ਰਹਿ ਗਈ ਜਿਸ ਨੂੰ ਸੁਕਾਇਆ ਜਾ ਰਿਹਾ ਹੈ। ਕੱਲ੍ਹ ਬੋਲੀ ਲੱਗੇਗੀ।
ਬਾਦਸ਼ਾਹਪੁਰ ਦੇ ਫੜ੍ਹ ਸਫ਼ਾਈ ਅਤੇ ਹੋਰ ਸਹੂਲਤਾਂ ਤੋਂ ਸੱਖਣੇ
ਪਾਤੜਾਂ (ਪੱਤਰ ਪ੍ਰੇਰਕ): ਮਾਰਕੀਟ ਕਮੇਟੀ ਪਾਤੜਾਂ ਦੇ ਸਕੱਤਰ ਵੱਲੋਂ ਮਾਰਕੀਟ ਅਧੀਨ ਆਉਂਦੇ ਸਬ ਯਾਰਡਾਂ ਅਤੇ ਖ਼ਰੀਦ ਕੇਂਦਰਾਂ ’ਚ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਦਾ ਦਾਅਵਾ ਕੀਤਾ ਗਿਆ ਹੈ ਦੂਜੇ ਪਾਸੇ ਸਬ ਯਾਰਡ ਬਾਦਸ਼ਾਹਪੁਰ ਦੇ ਫੜ੍ਹ ਸਫ਼ਾਈ ਅਤੇ ਹੋਰ ਸਹੂਲਤਾਂ ਤੋਂ ਸੱਖਣੇ ਹਨ। ਮਾਰਕੀਟ ਕਮੇਟੀ ਪਾਤੜਾਂ ਦੇ ਸਕੱਤਰ ਅਮਨਦੀਪ ਸਿੰਘ ਨੇ ਦੱਸਿਆ ਕਿ ਮੁੱਖ ਯਾਰਡ ਪਾਤੜਾਂ ਸਮੇਤ 4 ਸਬ ਯਾਰਡ ਤੇ 7 ਖਰੀਦ ਕੇਂਦਰਾਂ ਘੱਗਾ, ਬਾਦਸ਼ਾਹਪੁਰ, ਨਨਹੇੜਾ, ਬਰਾਸ, ਦੁਗਾਲ ਕਲਾਂ ਅਤੇ ਬਣਵਾਲਾ, ਸੁਤਰਾਣਾ, ਅਰਨੋ, ਗੁਲਜਾਰਪੁਰਾ, ਬਕਰਾਹਾ ਅਤੇ ਸੇਲਵਾਲਾ ਵਿੱਚ ਪੀਣ ਵਾਲੇ ਪਾਣੀ, ਲਾਇਟਾਂ, ਕਿਸਾਨਾਂ ਦੇ ਲਈ ਬੈਠਣ ਲਈ ਛਾਂ ਅਤੇ ਪਖਾਨਿਆਂ ਆਦਿ ਦੇ ਲੋੜੀਂਦੇ ਪ੍ਰਬੰਧ ਵੀ ਕੀਤੇ ਗਏ ਹਨ। ਉਕਤ ਖਰੀਦ ਕੇਂਦਰਾਂ ਵਿੱਚੋਂ 4 ਖਰੀਦ ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫੈੱਡ ਅਤੇ ਵੇਅਰਹਾਊਸ ਨੂੰ ਖ਼ਰੀਦ ਸਬੰਧੀ ਸੂਚਿਤ ਕਰਕੇ ਕਮੇਟੀ ਦੇ ਮੁਲਾਜ਼ਮ ਤਾਇਨਾਤ ਕਰਨ ਦੇ ਨਾਲ-ਨਾਲ ਕਣਕ ਦੀ ਨਮੀ ਜਾਚਣ ਵਾਲੇ ਮੀਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਬਾਦਸ਼ਾਹਪੁਰ ਮੰਡੀ ਦੇ ਲੋਕਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਇਕ ਤਰੀਕ ਤੋਂ ਕਣਕ ਦੀ ਖਰੀਦ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹੋਣ ਦੇ ਬਾਵਜੂਦ ਮਾਰਕੀਟ ਕਮੇਟੀ ਪਾਤੜਾਂ ਨੇ ਸਬ ਯਾਰਡ ਦੇ ਫੜ੍ਹਾਂ ਦੀ ਸਫ਼ਾਈ ਨਹੀਂ ਕਰਵਾਈ ਨਾ ਹੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ।