ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਜੂਨ
ਵਿਸ਼ਵ ਦੇ 190 ਦੇਸ਼ਾਂ ਦੇ ਸ਼ਤਰੰਜ ਖਿਡਾਰੀਆਂ ਦੀ ਸ਼ਮੂਲੀਅਤ ਵਾਲੀ ਅਤੇ ਭਾਰਤ ਵਿੱਚ ਪਹਿਲੀ ਵਾਰ ਹੋਣ ਜਾ ਰਹੀ 44ਵੀਂ ਚੈੱਸ ਓਲੰਪਿਆਡ ਦੀ ਪਹਿਲੀ ਵਾਰ ਜਗਾਈ ਗਈ ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇਅ ਅੱਜ ਪਟਿਆਲਾ ਪੁੱਜੀ। ਖੁੱਲ੍ਹੀ ਜੀਪ ਵਿੱਚ ਸਵਾਰ ਚੈੱਸ ਦੇ ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਦੇ ਹੱਥ ਵਿੱਚ ਫੜੀ ਇਸ ਸ਼ਤਰੰਜ ਮਸ਼ਾਲ ਦਾ ਇੱਥੇ ਐੱਨਆਈਐੱਸ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਵਿਧਾਇਕ ਗੁਰਲਾਲ ਘਨੌਰ ਨੇ ਮਸ਼ਾਲ ਦਾ ਸਵਾਗਤ ਤੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਖੇਡਾਂ, ਖਿਡਾਰੀਆਂ ਨੂੰ ਪ੍ਰਫੁਲਿਤ ਕਰਨ ਦੇ ਨਾਲ-ਨਾਲ ਸੂਬੇ ‘ਚ ਖੇਡਾਂ ਲਈ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਵਚਨਬੱਧ ਹੈ। ਮੁੱਖ ਮਹਿਮਾਨ ਵਜੋਂ ਪੁੱਜੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਮਹਾਂਬਲੀਪੁਰਮ, ਚੇਨਈ ਵਿੱਚ ਹੋਣ ਜਾ ਰਹੀ 44ਵੀਂ ਚੈੱਸ ਓਲੰਪਿਆਡ ਵਿੱਚ ਪੰਜਾਬ ਦੇ 6 ਖਿਡਾਰੀ (3 ਲੜਕੀਆਂ ਤੇ 3 ਲੜਕੇ) ਹਿੱਸਾ ਲੈਣਗੇ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਭਾਰਤ ਮੱਲ ਸਮਰਾਟ ਗੁਰਮੁਖ ਸਿੰਘ ਨੇ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਚੰਗੀ ਖ਼ੁਰਾਕ ਖਾਣ ਤੇ ਅਨੁਸ਼ਾਸਨ ਵਿੱਚ ਰਹਿਣ ਤਾਂ ਕਿ ਸ਼ਤਰੰਜ ਦੀ ਤਰ੍ਹਾਂ ਦੂਸਰੀਆਂ ਕੌਮਾਂਤਰੀ ਖੇਡਾਂ ਦੀ ਮਸ਼ਾਲ ਵੀ ਸਾਡੇ ਦੇਸ਼ ਆਵੇ। ਇਸ ਮੌਕੇ ਡੀਸੀ ਸਾਕਸ਼ੀ ਸਾਹਨੀ, ਐੱਨਆਈਐੱਸ ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ ਕਰਨਲ (ਰਿਟਾ.) ਰਾਜ ਸਿੰਘ ਬਿਸ਼ਨੋਈ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ. ਜਨਰਲ (ਰਿਟਾ.) ਜੇਐੱਸ ਚੀਮਾ ਵੀ ਮੌਜੂਦ ਸਨ।