ਖੇਤਰੀ ਪ੍ਰਤੀਨਿਧ
ਪਟਿਆਲਾ, 1 ਸਤੰਬਰ
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਨਗਰ ਨਿਗਮ ਪਟਿਆਲਾ ਤੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਵਾਲੇ ਸ਼ਹਿਰਾਂ ਦੀ ਹਦੂਦ ’ਚ ਸ਼ਨੀਵਾਰ ਤੇ ਐਤਵਾਰ ਨੂੰ ਜਾਰੀ ਕਰਫ਼ਿਊ ਨੂੰ 30 ਸਤੰਬਰ ਤੱਕ ਵਧਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਪਹਿਲਾਂ ਤੋਂ ਲਾਗੂ ਰਾਤ ਦਾ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਹੈ ਕਿ ਸਾਰੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲਜ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6:30 ਵਜੇ ਤੱਕ ਖੋਲ੍ਹੇ ਜਾ ਸਕਣਗੇ। ਜਦੋਂਕਿ ਸ਼ਨੀਵਾਰ ਤੇ ਐਤਵਾਰ ਨੂੰ ਇਹ ਬੰਦ ਰਹਿਣਗੇ। ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸ਼ਨੀਵਾਰ ਤੇ ਐਤਵਾਰ ਵੀ ਖੁੱਲ੍ਹ ਸਕਣਗੀਆਂ।
ਇਸੇ ਤਰ੍ਹਾਂ ਧਾਰਮਿਕ ਸਥਾਨ, ਸਪੋਰਟਸ ਤੇ ਪਬਲਿਕ ਕੰਪਲੈਕਸ, ਰੈਸਟੋਰੈਂਟ (ਸ਼ਨੀਵਾਰ ਅਤੇ ਐਤਵਾਰ ਸਿਰਫ਼ ਹੋਮ ਡਲਿਵਰੀ ਕੀਤੀ ਜਾ ਸਕੇਗੀ) ਤੇ ਸ਼ਰਾਬ ਦੇ ਠੇਕੇ ਰੋਜ਼ਾਨਾ ਸ਼ਾਮ 6:30 ਵਜੇ ਤੱਕ ਖੋਲ੍ਹੇ ਜਾ ਸਕਣਗੇ, ਪਰ ਹੋਟਲ 24 ਘੰਟੇ ਖੁੱਲ੍ਹੇ ਰੱਖੇ ਜਾ ਸਕਣਗੇ। ਜਦੋਂਕਿ ਜ਼ਰੂਰੀ ਸੇਵਾਵਾਂ, ਸਿਹਤ, ਖੇਤੀਬਾੜੀ, ਡੇਅਰੀ ਫਾਰਮ ਤੇ ਮੱਛੀ ਪਾਲਣ ਸਬੰਧੀ ਗਤੀਵਿਧੀਆਂ, ਬੈਕ, ਏ.ਟੀ.ਐਮਜ., ਸਟਾਕ ਮਾਰਕੀਟ, ਬੀਮਾ ਕੰਪਨੀਆਂ, ਆਨ ਲਾਈਨ ਸਿੱਖਿਆ, ਉਸਾਰੀ ਸਨਅਤ ਸਮੇਤ ਪ੍ਰਾਈਵੇਟ ਅਤੇ ਸਰਕਾਰੀ ਦਫ਼ਤਰਾਂ ਨੂੰ ਕਰਫ਼ਿਊ ਤੋਂ ਛੋਟ ਹੋਵੇਗੀ।ਹਾਲਾਂਕਿ, ਬਹੁਤ ਸਾਰੀਆਂ ਗਤੀਵਿਧੀਆਂ ਜਿਵੇਂ ਮਲਟੀਪਲ ਸ਼ਿਫਟਾਂ, ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਵਿਅਕਤੀਆਂ ਅਤੇ ਚੀਜ਼ਾਂ ਦੀ ਆਵਾਜਾਈ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਮਾਲ ਨੂੰ ਉਤਾਰਨ ਅਤੇ ਵਿਅਕਤੀਆਂ ਨੂੰ ਆਪੋ ਆਪਣੇ ਸਥਾਨਾਂ ’ਤੇ ਜਾਣ ਸਮੇਤ ਜ਼ਰੂਰੀ ਕੰਮਾਂ ਦੀ ਆਗਿਆ ਹੋਵੇਗੀ। ਬੋਰਡਾਂ, ਯੂਨੀਵਰਸਿਟੀਆਂ ਜਾਂ ਲੋਕ ਸੇਵਾ ਕਮਿਸ਼ਨ ਜਾਂ ਕਿਸੇ ਹੋਰ ਸੰਸਥਾ ਦੇ ਦਾਖਲੇ ਜਾਂ ਹੋਰ ਸਾਰੇ ਇਮਤਿਹਾਨਾਂ ਲਈ ਵਿਦਿਆਰਥੀਆਂ ਤੇ ਸਬੰਧਤ ਵਿਅਕਤੀਆਂ ਨੂੰ ਵੀ ਛੋਟ ਹੋਵੇਗੀ।
ਉਨ੍ਹਾਂ ਹੋਰ ਕਿਹਾ ਹੈ ਕਿ 30 ਸਤੰਬਰ ਤੱਕ ਸਿਰਫ ਵਿਆਹ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਛੱਡ ਕੇ ਜ਼ਿਲ੍ਹੇ ਭਰ ਵਿੱਚ ਧਾਰਾ 144 ਤਹਿਤ ਹਰ ਤਰ੍ਹਾਂ ਦੇ ਇਕੱਠ ਕਰਨ ਉਤੇ ਪਾਬੰਦੀ ਹੋਵੇਗੀ। ਵਿਆਹਾਂ ਲਈ ਕੇਵਲ 30 ਜਣੇ ਅਤੇ ਅੰਤਮ ਅਰਦਾਸ/ਸ਼ਰਧਾਂਜਲੀ ਲਈ 20 ਜਣਿਆਂ ਦਾ ਇਕੱਠ ਹੀ ਹੋ ਸਕੇਗਾ। ਇਸ ਮਹੀਨੇ ਦੇ ਅੰਤ ਤੱਕ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਕੇਵਲ 50 ਫੀਸਦੀ ਸਟਾਫ ਨਾਲ ਖੁੱਲ੍ਹ ਸਕਣਗੇ। ਦਫ਼ਤਰਾਂ ’ਚ ਲੋਕਾਂ ਦੀ ਆਵਾਜਾਈ ਨੂੰ ਘੱਟ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ।