ਰਵੇਲ ਸਿੰਘ ਭਿੰਡਰ
ਪਟਿਆਲਾ, 8 ਜੂਨ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਵੱਲੋਂ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਦਾ ਵਿਸ਼ਾ ‘ਸੂਫ਼ੀਮਤ: ਪੰਜਾਬੀ ਤਹਿਜ਼ੀਬ ਦੇ ਸੰਦਰਭ ਵਿਚ’ ਸੀ। ਯੂਨੀਵਰਸਿਟੀ ਧੁਨੀ ਉਪਰੰਤ ਪ੍ਰੋ. ਮੁਹੰਮਦ ਹਬੀਬ, ਇੰਚਾਰਜ, ਸੂਫ਼ੀ ਸੈਂਟਰ ਨੇ ਵੈਬੀਨਾਰ ਦਾ ਸੰਚਾਲਨ ਕਰਦਿਆਂ ਵੈਬੀਨਾਰ ਦੇ ਮੁਖ ਵਕਤਾ ਪ੍ਰੋ. ਹਰਮੋਹਿੰਦਰ ਸਿੰਘ ਬੇਦੀ ਚਾਂਸਲਰ, ਸੈਂਟਰਲ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਬਾਰੇ ਸੰਖੇਪ ਵਿਚ ਜਾਣ ਪਛਾਣ ਕਰਵਾਈ। ਵੈਬੀਨਾਰ ਦਾ ਉਦਘਾਟਨੀ ਭਾਸ਼ਣ ਵਾਈਸ ਚਾਂਸਲਰ, ਪ੍ਰੋ. ਅਰਵਿੰਦ ਵੱਲੋਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਮੇਂ ਦੇ ਅਨੁਸਾਰ ਨਵੀਂ ਤਕਨਾਲੋਜੀ ਨੂੰ ਅਪਣਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਬਾਬਾ ਫ਼ਰੀਦ ਜੀ ਨੂੰ ਪੰਜਾਬ ਦੇ ਸਭਿਆਚਾਰ ਨਾਲ ਪਿਆਰ ਸੀ। ਫ਼ਰੀਦ ਜੀ ਨੇ ਆਪਣੇ ਕਲਾਮ ਵਿਚ ਪੰਜਾਬ ਦੇ ਸਭਿਆਚਾਰ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ। ਫ਼ਰੀਦ ਜੀ ਤੋਂ ਪਹਿਲਾਂ ਗਿਆਨ ਦੀ ਗੱਲ ਫ਼ਾਰਸੀ ਜਾਂ ਸੰਸਕਿ੍ਰਤੀ ਵਿਚ ਹੁੰਦੀ ਸੀ, ਪਰ ਉਹਨਾਂ ਨੇ ਆਪਣੇ ਕਲਾਮ ਦੀ ਰਚਨਾ ਪੰਜਾਬੀ ਵਿਚ ਕੀਤੀ। ਉਹਨਾਂ ਨੇ ਸੂਫ਼ੀ ਸੈਂਟਰ ਦੇ ਨਵੇਂ ਬਣੇ ਯੂਟਿਊਬ ਚੈਨਲ ਦਾ ਉਦਘਾਟਨ ਵੀ ਕੀਤਾ।
ਵੈਬੀਨਾਰ ਦੇ ਮੁਖ ਵਕਤਾ ਪ੍ਰੋ. ਐਚ. ਐਸ. ਬੇਦੀ ਨੇ ਕਿਹਾ ਕਿ ਜੇਕਰ ਮੱਧਕਾਲੀਨ ਪੰਜਾਬ ਦੇ ਇਤਿਹਾਸ ਬਾਰੇ ਜਾਨਣਾ ਹੈ ਤਾਂ ਸੂਫ਼ੀਆਂ ਦਾ ਕਲਾਮ ਪੜਣਾ ਪਵੇਗਾ। ਉਨਾਂ ਕਿਹਾ ਬਾਬਾ ਫ਼ਰੀਦ ਦੇ ਕਲਾਮ ਵਿਚ ਪੰਜਾਬ ਦੇ ਸਭਿਆਚਾਰ, ਇਥੋਂ ਦੇ ਰੁੱਖ-ਬੂਟੇ, ਖਾਣ-ਪੀਣ, ਰਹਿਣ-ਸਹਿਣ ਦਾ ਜ਼ਿਕਰ ਹੈ।