ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 29 ਜੁਲਾਈ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈਬਿਨਾਰ ਕਰਵਾਇਆ ਗਿਆ। ਵੈਬਿਨਾਰ ਦਾ ਵਿਸ਼ਾ: ‘ਸੂਫ਼ੀਮੱਤ ਅਤੇ ਪੰਜਾਬ’ ਸੀ। ਵੈਬਿਨਾਰ ਦੇ ਮੁਖ ਵਕਤਾ ਵਜੋਂ ਇਸ ਸੂਫ਼ੀ ਸੈਂਟਰ ਦੇ ਫਾਊਂਡਰ ਡਾਇਰੈਕਟਰ ਅਤੇ ਸਾਬਕਾ ਮੁਖੀ ਉਰਦੂ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪ੍ਰੋ. ਨਾਸ਼ਿਰ ਨਕਵੀ ਨੇ ਸ਼ਿਰਕਤ ਕੀਤੀ। ਵੈਬਿਨਾਰ ਦਾ ਸੰਚਾਲਨ ਕਰਦਿਆਂ ਪ੍ਰੋ. ਮੁਹੰਮਦ ਹਬੀਬ, ਇੰਚਾਰਜ, ਸੂਫ਼ੀ ਸੈਂਟਰ ਨੇ ਹੁਣ ਤਕ ਦੇ ਸੂਫ਼ੀ ਸੈਂਟਰ ਦੇ ਕੰਮਾਂ ਤੋਂ ਜਾਣੂ ਕਰਵਾਇਆ। ਉਦਘਾਟਨੀ ਭਾਸ਼ਣ ਦੌਰਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਨੂੰ ਪੰਜਾਬ ਦੇ ਸਭਿਆਚਾਰ ਨਾਲ ਪਿਆਰ ਸੀ। ਉਨਾਂ ਕਿਹਾ ਕਿ ਪੰਜਾਬ ਦੀ ਤਰਾਂ ਬੰਗਾਲ ਵਿਚ ਵੀ ਸੂਫ਼ੀ ਹਰਮਨ ਪਿਆਰੇ ਸਨ। ਪ੍ਰੋ. ਨਾਸ਼ਿਰ ਨਕਵੀ ਵੱਲੋਂ ਆਪਣੇ ਭਾਸ਼ਣ ਵਿਚ ਸੂਫ਼ੀਆਂ ਦੇ ਪੰਜਾਬ ਨਾਲ ਰਿਸ਼ਤੇ ਨੂੰ ਬਹੁਤ ਪ੍ਰਭਾਵਸਾਲੀ ਢੰਗ ਨਾਲ ਬਿਆਨਿਆ ਗਿਆ। ਉਨ੍ਹਾਂ ਦੱਸਿਆ ਕਿ ਸੂਫ਼ੀਮੱਤ ਸਬੰਧੀ ਛਪੀ ਪਹਿਲੀ ਕਿਤਾਬ ‘ਕਸ਼ਫੁਲ ਮਹਿਜੂਬ’ ਵੀ ਪੰਜਾਬ ਦੇ ਸੂਫ਼ੀ ਬਜ਼ੁਰਗ ਦਾਤਾ ਅਲੀ ਹਿਜਵੇਰੀ ਨੇ 10ਵੀਂ ਸਦੀ ਵਿਚ ਲਿਖੀ। ਡੀਨ ਅਕਾਦਮਿਕ ਮਾਮਲੇ ਪ੍ਰੋ. ਬੀਐਸ ਸੰਧੂ ਨੇ ਕਿਹਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਸਰੋਤਾਂ ਨੂੰ ਖੋਜਣ ਵਾਲੇ ਜਾਣਦੇ ਹਨ ਕਿ ਸੂਫ਼ੀਮੱਤ ਪੰਜਾਬੀਅਤ ਦਾ ਇਕ ਵੱਡਾ ਥੰਮ੍ਹ ਹੈ।