ਰਵੇਲ ਸਿੰਘ ਭਿੰਡਰ
ਪਟਿਆਲਾ, 11 ਮਈ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਤਿਹਾਸ ਵਿਭਾਗ ਵਿਚ ਸਥਾਪਤ ਮਹਾਰਾਣਾ ਪ੍ਰਤਾਪ ਚੇਅਰ ਵਲੋਂ ਮਹਾਰਾਣਾ ਪ੍ਰਤਾਪ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਵੈਬਿਨਾਰ ਕਰਵਾਇਆ ਗਿਆ। “ਮਹਾਰਾਣਾ ਪ੍ਰਤਾਪ: ਮੇਵਾੜ ਰਿਆਸਤ ਦੀ ਵਿਰਾਸਤ ਦਾ ਆਧੁਨਿਕ ਸਮੇਂ ਦੌਰਾਨ ਮਹੱਤਵ’ ਵਿਸ਼ੇ ਉੱਪਰ ਕਰਵਾਏ ਗਏ ਇਸ ਵੈਬਿਨਾਰ ਦੇ ਮੁੱਖ ਬੁਲਾਰੇ ਪ੍ਰੋਫੈਸਰ ਜਿਗਰ ਮੁਹੰਮਦ, ਸਾਬਕਾ ਡੀਨ ਰਿਸਰਚ ਅਤੇ ਮੁਖੀ, ਇਤਿਹਾਸ ਵਿਭਾਗ, ਜੰਮੂ ਯੂਨੀਵਰਸਿਟੀ ਸਨ। ਉਨ੍ਹਾਂ ਵੱਲੋਂ ਆਪਣੇ ਭਾਸ਼ਣ ਦੌਰਾਨ ਮਹਾਰਾਣਾ ਪ੍ਰਤਾਪ ਦੁਆਰਾ ਮੇਵਾੜ ਰਿਆਸਤ ਦੀ ਖੁਦਮੁਖਤਿਆਰੀ ਅਤੇ ਰੱਖਿਆ ਨਾਲ ਸਬੰਧਤ ਫਾਰਸੀ ਸਰੋਤਾਂ ਦੇ ਵੇਰਵਿਆਂ ’ਤੇ ਆਧਾਰਿਤ ਜਾਣਕਾਰੀ ਸਾਂਝੀ ਕੀਤੀ ਗਈ। ਮੇਵਾੜ ਰਿਆਸਤ ਨਾਲ ਸਬੰਧਤ ਹੋਰ ਪੱਖਾਂ ਜਿਵੇਂ ਹਲਦੀ ਘਾਟੀ ਦੀ ਲੜਾਈ ਅਤੇ ਮਹਾਰਾਣਾ ਪ੍ਰਤਾਪ ਵੱਲੋਂ ਮੇਵਾੜ ਰਾਜ ਦੀ ਪ੍ਰਭੂਸੱਤਾ ਬਾਰੇ ਵੀ ਵਿਦਵਾਨਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਵੈਬਿਨਾਰ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਪੰਜਾਬ ਅਤੇ ਰਾਜਸਥਾਨ ਦੇ ਪੁਰਾਤਨ ਕਾਲ ਤੋਂ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਪੱਖਾਂ ਤੋਂ ਬੜੇ ਗੂੜੇ ਅਤੇ ਨੇੜਲੇ ਸਬੰਧ ਚਲੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਦੇ ਜੀਵਨ ਦੇ ਨਾਲ ਨਾਲ ਪੰਜਾਬ-ਰਾਜਸਥਾਨ ਸਬੰਧਾਂ ਦੇ ਪ੍ਰਸੰਗ ਵਿਚ ਪੰਜਾਬੀ, ਮਾਰਵਾੜੀ ਅਤੇ ਰਾਜਸਥਾਨੀ ਭਾਸ਼ਾਵਾਂ ਦੇ ਲੋਕਧਾਰਾਈ ਸੋਮਿਆਂ ਨੂੰ ਘੋਖਣ ਦੀ ਲੋੜ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਬਲਵੀਰ ਸਿੰਘ ਸੰਧੂ ਵੱਲੋਂ ਵੈਬਿਨਾਰ ਵਿਚ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਇਤਿਹਾਸ ਵਿਭਾਗ ਦੇ ਮੁਖੀ ਅਤੇ ਮਹਾਰਾਣਾ ਪ੍ਰਤਾਪ ਚੇਅਰ ਦੇ ਇੰਚਾਰਜ ਡਾ. ਮੁਹੰਮਦ ਇਦਰੀਸ ਵੱਲੋਂ ਵੈਬਿਨਾਰ ਦੇ ਵਿਸ਼ੇ ਦੀ ਜਾਣਕਾਰੀ ਦਿੱਤੀ ਗਈ। ਵੈਬਿਨਾਰ ਵਿਚ ਡੀਨ ਕਾਲਜਿਜ਼ ਪ੍ਰੋਫੈਸਰ ਸੁਖਵਿੰਦਰ ਕੌਰ ਬਾਠ, ਡਾ. ਬਲਜਿੰਦਰ ਸਿੰਘ ਚੀਮਾ, ਸਰੀ, ਕੈਨੇਡਾ ਤੋਂ ਇਲਾਵਾ ਪੰਜਾਬ ਰਾਜਸਥਾਨ, ਦਿੱਲੀ ਆਦਿ ਦੀਆਂ ਯੂਨੀਵਰਸਿਟੀਆਂ ਤੋਂ ਲਗਭਗ 100 ਵਿਦਵਾਨਾਂ ਨੇ ਭਾਗ ਲਿਆ।