ਪੱਤਰ ਪ੍ਰੇਰਕ
ਦੇਵੀਗੜ੍ਹ, 30 ਜਨਵਰੀ
ਹਲਕਾ ਸਨੌਰ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਪਿੰਡ ਮਾਲੀਮਾਜਰਾ ਅਤੇ ਕੋਟਲਾ ਵਿੱਚ ਸਰਕਲ ਪ੍ਰਧਾਨ ਤਰਸੇਮ ਸਿੰਘ ਕੋਟਲਾ ਅਤੇ ਮਹਿੰਦਰ ਸਿੰਘ ਮਾਲੀਮਾਜਰਾ ਦੀ ਅਗਵਾਈ ਹੇਠ ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਨੇ ਆਪਣੇ ਦਰਜਨ ਤੋਂ ਵੱਧ ਸਾਥੀਆਂ ਨਾਲ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਚੁੱਕਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਰਵਾਇਤੀ ਪਾਰਟੀਆਂ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਤੋਂ ਇਲਾਵਾ ਲਾਲ ਸਿੰਘ, ਰਾਹੂ ਸਿੰਘ, ਜੈਬ ਸਿੰਘ, ਰਵੀ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ, ਪਿਆਰਾ ਸਿੰਘ, ਸੁੱਚਾ ਸਿੰਘ, ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਸਨ। ਇਸ ਦੌਰਾਨ ਸ੍ਰੀ ਚੰਦੂਮਾਜਰਾ ਨੇ ਸਾਰਿਆਂ ਨੂੰ ਪਾਰਟੀ ਵਿੱਚ ਬਣਦਾ ਸਤਿਕਾਰ ਦੇਣ ਦਾ ਭਰੋਸਾ ਦੇਣ ਦਿਵਾਇਆ।
‘ਪੰਜਾਬ ਪ੍ਰਤੀ ਕਾਂਗਰਸ ਅਤੇ ‘ਆਪ’ ਦੀ ਨੀਯਤ ਅਤੇ ਨੀਤੀ ’ਚ ਖੋਟ’
ਡਕਾਲਾ: ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਹਲਕਾ ਸਨੌਰ ਤੋਂ ਸਾਂਝੇ ਉਮੀਦਵਾਰ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿੰਡ ਪੰਜੌਲਾ ਵਿੱਚ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਅਤੇ ‘ਆਪ’ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਅੰਦਰ ਜਿੰਨੀ ਲੁੱਟ ਕਾਂਗਰਸ ਨੇ ਮਚਾਈ ਹੈ, ਉੱਨੀ ਸ਼ਾਇਦ ਅੰਗਰੇਜ਼ਾਂ ਨੇ ਵੀ ਨਹੀਂ ਕੀਤੀ ਹੋਣੀ ਅਤੇ ਆਮ ਆਦਮੀ ਪਾਰਟੀ ਦੀ ਨੀਤੀ ਪੰਜਾਬ ਵਿਰੋਧੀ ਹੋਣ ਕਾਰਨ ਕੋਈ ਵੀ ਸੂਝਵਾਨ ਇਨਸਾਨ ਇਨ੍ਹਾਂ ਨੂੰ ਵੋਟ ਨਹੀਂ ਪਾਵੇਗਾ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਲੋਕ ਹੁਣ ਕਾਂਗਰਸ ਅਤੇ ਆਪ ਦੀ ਨੀਤੀ ਅਤੇ ਨੀਯਤ ਨੂੰ ਸਮਝ ਚੁੱਕੇ ਹਨ। -ਪੱਤਰ ਪ੍ਰੇਰਕ