ਜੈਸਮੀਨ ਭਾਰਦਵਾਜ/ਹਰਵਿੰਦਰ ਕੌਰ ਨੌਹਰਾ
ਨਾਭਾ, 2 ਨਵੰਬਰ
ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਅੱਜ ਨਗਰ ਕੌਂਸਲ ਨਾਭਾ ਵਿੱਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ। ਉਨ੍ਹਾਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਸਮੇਤ ਹੋਰ ਕੌਂਸਲਰਾਂ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਵਿਕਾਸ ਕਾਰਜਾਂ ਸਬੰਧੀ ਸਵਾਲਾਂ ਦਾ ਜੁਆਬ ਦਿੰਦਿਆਂ ਡਾ. ਨਿੱਝਰ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਲੰਮੇ ਸਮੇਂ ਤੋਂ ਇੱਕ ਤਰੀਕੇ ਨਾਲ ਕੰਮ ਕਰਨ ਦੀ ਆਦਤ ਸੀ ਪਰ ਹੁਣ ਭਗਵੰਤ ਮਾਨ ਸਰਕਾਰ ਵੱਲੋਂ ਜਿੱਥੇ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਚੁਸਤ ਦਰੁੱਸਤ ਕੀਤਾ ਗਿਆ ਹੈ, ਉੱਥੇ ਹੀ ਸੂਬੇ ਵਿੱਚ ਭ੍ਰਿਸ਼ਟਾਚਾਰ ਰਹਿਤ ਪਾਰਦਰਸ਼ੀ ਪ੍ਰਸ਼ਾਸਨ ਯਕੀਨੀ ਬਣਾ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਸ਼ਹਿਰਾਂ ਤੇ ਪਿੰਡਾਂ ਦਾ ਇੱਕਸਮਾਨ ਤੇ ਚਹੁੰਤਰਫ਼ਾ ਵਿਕਾਸ ਕਰਵਾਇਆ ਜਾ ਰਿਹਾ ਹੈ।
ਡਾ. ਨਿੱਝਰ ਨੇ ਦੱਸਿਆ ਕਿ ਹਰ ਸ਼ਹਿਰ ਅੰਦਰ ਸਾਰੀਆਂ ਜਾਇਦਾਦਾਂ ‘ਤੇ ਯੂਆਈਡੀ ਨੰਬਰ ਲਾਏ ਜਾ ਰਹੇ ਹਨ, ਇਸ ਲਈ ਡਰੋਨ ਰਾਹੀਂ ਵੀ ਮੈਪਿੰਗ ਕੀਤੀ ਜਾ ਰਹੀ ਹੈ ਤਾਂ ਕਿ ਪ੍ਰਾਪਰਟੀ ਟੈਕਸ ਇਕੱਤਰ ਕਰਨ ਸਮੇਤ ਯੋਜਨਾਬੱਧ ਸ਼ਹਿਰੀ ਵਿਕਾਸ ਕਰਵਾਇਆ ਜਾ ਸਕੇ। ਡਾ. ਨਿੱਝਰ ਨੇ ਵਿਧਾਇਕ ਦੇਵ ਮਾਨ ਤੇ ਸਮੂਹ ਕੌਂਸਲਰਾਂ ਦੀ ਮੰਗ ’ਤੇ ਕਿਹਾ ਕਿ ਨਾਭਾ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਭਾ ਦੇ ਸੀਵਰੇਜ ਦੀ ਸਮੱਸਿਆ ਦਾ ਬਹੁਤ ਜਲਦ ਨਿਪਟਾਰਾ ਹੋ ਜਾਵੇਗਾ। ਉਨ੍ਹਾਂ ਐੱਨਓਸੀ ਤੇ ਹੋਰ ਮਸਲਿਆਂ ਦਾ ਬਹੁਤ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।