ਨਿੱਜੀ ਪੱਤਰ ਪ੍ਰੇਰਕ
ਸਮਾਣਾ, 12 ਨਵੰਬਰ
ਇਥੇ ਇਤਿਹਾਸਕ ਗੁਰਦੁਆਰਾ ਥੜ੍ਹਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ’ਚ ਸਿੱਖ ਇਤਿਹਾਸ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ‘ਸਮਾਣਾ ਫਤਹਿ ਦਿਵਸ’ ਸਮਾਗਮ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ। ਇਸ ਮੌਕੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਸਮਾਣਾ ਫਤਹਿ ਦਿਵਸ ਦੀ ਵਧਾਈਆਂ ਦਿੰਦਿਆਂ ਕਿਹਾ ਕਿ ਖਾਲਸਾ ਪੰਥ ਦੀ ਮਹਾਨ ਵਿਰਾਸਤ ਅਤੇ ਸਿੱਖਾਂ ਦਾ ਸ਼ਾਨਾਮੱਤਾ ਇਤਿਹਾਸ ਅਨੇਕਾਂ ਹੀ ਕੁਰਬਾਨੀਆਂ ਨਾਲ ਭਰਿਆ ਹੈ ਅਤੇ ਸਿੱਖ ਰਾਜ ਸਥਾਪਿਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜ਼ਾਲਮ ਹਕੂਮਤਾਂ ਨੂੰ ਸਬਕ ਸਿਖਾਉਣ ਵਾਲੀਆਂ ਲੜੀਆਂ ਮਿਸਾਲੀ ਜੰਗਾਂ ਆਪਣੀ ਸ਼ਹਾਦਤ ਦੇ ਕੇ ਜਿੱਤੀਆਂ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਇਕੋ ਇਕ ਅਜਿਹਾ ਜਰਨੈਲ ਸਿੰਘ ਸੀ, ਜਿਸ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਮਾਲਕੀ ਹੱਕ ਦਿਵਾਇਆ, ਪ੍ਰੰਤੂ ਅੱਜ ਮਾੜੇ ਮਨਸੂਬੇ ਰੱਖਣ ਵਾਲੀ ਕੇਂਦਰ ਸਰਕਾਰ ਖੇਤੀ ਦੇ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਹੱਕ ਖੋਹਣ ਤੁਰੀ ਹੋਈ ਹੈ ਅਤੇ ਜ਼ਮੀਨਾਂ ਦੇ ਮਾਲਕੀ ਹੱਕ ਖੋਹਣ ਦਾ ਮਨਸੂਬਾ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਵਿਖਾਇਆ ਰਸਤਾ ਕਿਸਾਨਾਂ ਦਾ ਮਾਰਗ ਦਰਸ਼ਨ ਹੀ ਨਹੀਂ ਕਰੇਗਾ ਬਲਕਿ ਅੰਨ੍ਹੀ, ਗੂੰਗੀ ਅਤੇ ਬੋਲੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਵੇਗਾ, ਜਿਸ ਨੂੰ ਜਗਾਉਣ ਲਈ ਅੱਜ ਦੁਨੀਆ ਭਰ ਦਾ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਆਪਣਾ ਸੰਘਰਸ਼ ਕਰ ਰਿਹਾ ਹੈ। ਧਾਰਮਿਕ ਸਮਾਗਮ ਦੌਰਾਨ ਸਾਬਕਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਰੱਖੜਾ, ਸ਼੍ਰੋਮਣੀ ਕਮੇਟੀ ਮੈਂਬਰਾਨ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਕੁਲਦੀਪ ਸਿੰਘ ਨੱਸੂਪੁਰ, ਜਥੇਦਾਰ ਨਿਰਮਲ ਸਿੰਘ ਹਰਿਆਊ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅਧਿਕਾਰੀ, ਸਟਾਫ ਅਤੇ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।