ਗੁਰਨਾਮ ਸਿੰਘ ਅਕੀਦਾ
ਪਟਿਆਲਾ, 14 ਜੁਲਾਈ
ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਵੱਲੋਂ ਜਲ ਸਪਲਾਈ ਠੇਕਾ ਕਾਮਿਆਂ ਨੇ ਅੱਜ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਨਿਊ ਮੋਤੀ ਮਹਿਲ ਵੱਲ ਮਾਰਚ ਕੀਤਾ ਤੇ ਵਰ੍ਹਦੇ ਮੀਂਹ ਵਿਚ ਕਾਮਿਆਂ ਨੇ ਨਾਅਰੇ ਲਾਏ। ਇਸ ਦੌਰਾਨ ਭਾਵੇਂ ਭਾਰੀ ਪੁਲੀਸ ਫੋਰਸ ਦੀ ਤਾਇਨਾਤੀ ਨੇ ਇਹ ਮਾਰਚ ਮੋਤੀ ਮਹਿਲ ਤੱਕ ਨਹੀਂ ਜਾਣ ਦਿੱਤਾ ਪਰ ਪ੍ਰਸ਼ਾਸਨ ਵੱਲੋਂ ਜਲ ਸਪਲਾਈ ਮੰਤਰੀ ਦੀ ਮੀਟਿੰਗ 22 ਜੁਲਾਈ ਨੂੰ ਤੈਅ ਕਰਵਾ ਕੇ ਕਾਮਿਆਂ ਦਾ ਗ਼ੁੱਸਾ ਠੰਢਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਲ ਸਪਲਾਈ ਕਾਮਿਆਂ ਨੇ ਪੰਜਾਬ ਸਰਕਾਰ ਤੋਂ ਸਿੱਧਾ ਵਿਭਾਗੀ ਕੰਟਰੈਕਟ ਜਾਰੀ ਕਰਵਾਉਣ ਲਈ ਜਲ ਸਪਲਾਈ ਵਿਭਾਗ ਦੇ ਹੈੱਡ ਆਫ਼ਿਸ ਨਾਭਾ ਰੋਡ ਸਥਿਤ ਪਟਿਆਲਾ ਵਿੱਚ ਲਗਾਤਾਰ ਮੋਰਚਾ ਜਾਰੀ ਰੱਖਿਆ। ਇਸ ਉਪਰੰਤ ਪਹਿਲਾਂ ਕੀਤੇ ਐਲਾਨ ਮੁਤਾਬਕ ਸੂਬਾ ਪ੍ਰਧਾਨ ਸੰਦੀਪ ਸ਼ਰਮਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਰਲ ਦੀ ਅਗਵਾਈ ਹੇਠ ਵਰ੍ਹਦੇ ਮੀਂਹ ਵਿੱਚ ਕਾਮਿਆਂ ਦਾ ਰੋਸ ਮਾਰਚ ਵੀ ਉਤਸ਼ਾਹਪੂਰਵਕ ਸੀ। ਸੂਬਾ ਮੀਤ ਪ੍ਰਧਾਨ ਹੰਸਾ ਸਿੰਘ ਬਰਨਾਲਾ, ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਸਮਾਣਾ ਨੇ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਵਿਭਾਗ ਦੀ ਮੰਤਰੀ ਬੇਗ਼ਮ ਰਜ਼ੀਆ ਸੁਲਤਾਨਾ ਵੱਲੋਂ ਕਾਮਿਆਂ ਨਾਲ ਪੈਨਲ ਮੀਟਿੰਗ ਕਰਨ ਉਪਰੰਤ ਵਿਸ਼ਵਾਸ ਦਿਵਾਇਆ ਸੀ ਕਿ ਕਾਮਿਆਂ ਦੀ ਮੁੱਖ ਮੰਗ ਇਨਲਿਸਟਮੈਂਟ ਰੱਦ ਕਰਕੇ ਸਿੱਧਾ ਕੰਟਰੈਕਟ ਜਾਰੀ ਕੀਤਾ ਜਾਵੇਗਾ ਪਰ ਛੇ ਮਹੀਨੇ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੱਲ੍ਹ ਵਿਭਾਗ ਦੇ ਡਿਪਟੀ ਡਾਇਰੈਕਟਰ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਸਪੱਸ਼ਟ ਹੋਇਆ ਹੈ ਕਿ ਪਾਲਿਸੀ ਮੈਟਰ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਵਰਕਰਾਂ ਵਿੱਚ ਹੋਰ ਵੀ ਨਿਰਾਸ਼ਾ ਪਾਈ ਗਈ। ਇਸ ਦੇ ਰੋਸ ਵਜੋਂ ਅੱਜ ਅਮਰਿੰਦਰ ਦੇ ਨਿਊ ਮੋਤੀ ਮਹਿਲ ਵੱਲ ਨੂੰ ਰੋਸ ਮਾਰਚ ਕੀਤਾ ਗਿਆ। ਕਾਮਿਆਂ ਨੇ ਕਾਲੇ ਝੰਡੇ ਤੇ ਮਾਟੋਆਂ ਨਾਲ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਾਈਪੀਐੱਸ ਚੌਕ ਵਿਚ ਪ੍ਰਸ਼ਾਸਨ ਵੱਲੋਂ ਰੋਕਣ ਦੇ ਬਾਵਜੂਦ ਸਮੁੱਚੇ ਕਾਮਿਆਂ ਨੇ ਬੈਠ ਕੇ ਗੁਟਕਾ ਸਾਹਿਬ ਤੋਂ ਗੁਰਬਾਣੀ ਦਾ ਪਾਠ ਕਰਕੇ ਕੈਪਟਨ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਵਾਏ। ਇਸ ਦੌਰਾਨ ਕਾਮਿਆ ਦੀਆਂ ਮੰਗਾਂ ਦੇ ਹੱਲ ਕਰਨ ਲਈ ਪ੍ਰਸ਼ਾਸਨ ਵੱਲੋਂ ਲਿਖਤੀ ਰੂਪ ਵਿਚ ਜਲ ਸਪਲਾਈ ਮੰਤਰੀ ਰਜ਼ੀਆ ਸੁਲਤਾਨਾ ਦੀ ਉੱਚ ਅਧਿਕਾਰੀਆਂ ਸਮੇਤ ਪੈਨਲ ਮੀਟਿੰਗ 22 ਜੁਲਾਈ ਨੂੰ ਚੰਡੀਗੜ੍ਹ ਵਿੱਚ ਤੈਟ ਕੀਤੀ ਗਈ। ਇਸ ਦੌਰਾਨ ਪ੍ਰੈੱਸ ਸਕੱਤਰ ਜਸਵੀਰ ਸਿੰਘ ਸੀਰਾ ਅਤੇ ਸੂਬਾ ਖ਼ਜ਼ਾਨਚੀ ਦਵਿੰਦਰ ਸਿੰਘ ਨਾਭਾ ਨੇ ਕਿਹਾ ਜਥੇਬੰਦੀ ਵੱਲੋਂ ਐਲਾਨ ਕੀਤਾ ਕਿ ਜੇ ਇਸ ਮੀਟਿੰਗ ਦੌਰਾਨ ਵਰਕਰਾਂ ਦੇ ਭਵਿੱਖ ਸੰਬੰਧੀ ਠੋਸ ਹੱਲ ਨਾ ਕੀਤਾ ਗਿਆਤਾਂ ਇਸ ਤੋਂ ਵੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।