ਗੁਰਨਾਮ ਸਿੰਘ ਅਕੀਦਾ
ਪਟਿਆਲਾ, 3 ਮਾਰਚ
ਜਲ ਸਪਲਾਈ ਤੇ ਸੈਨੀਟੇਸ਼ਨ ਮੁਲਾਜ਼ਮਾਂ ਦੀ ਜਥੇਬੰਦੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਆਗੂਆਂ ਮੱਖਣ ਸਿੰਘ ਵਾਹਿਦਪੁਰੀ, ਅਨਿਲ ਕੁਮਾਰ ਬਰਨਾਲਾ, ਜਸਵੀਰ ਸਿੰਘ ਖੋਖਰ ਤੇ ਗੁਰਬਿੰਦਰ ਸਿੰਘ ਖਮਾਣੋਂ ਨੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਠੇਕੇ ਵਾਲੇ ਹਜ਼ਾਰਾਂ ਕਾਮੇ ਪਿਛਲੇ ਤਿੰਨ ਮਹੀਨੇ ਤੋਂ ਉਜ਼ਰਤਾਂ ਨਾ ਮਿਲਣ ਕਰਕੇ ਔਖਾ ਗੁਜ਼ਾਰਾ ਕਰ ਰਹੇ ਹਨ। ਪੰਜਾਬ ਦੀਆਂ ਹੁਸ਼ਿਆਰਪੁਰ, ਗੜ੍ਹਸ਼ੰਕਰ, ਤਲਵਾੜਾ, ਅਬੋਹਰ, ਫਾਜ਼ਿਲਕਾ, ਮੁਹਾਲੀ, ਕਪੂਰਥਲਾ, ਪਟਿਆਲਾ, ਅੰਮ੍ਰਿਤਸਰ, ਖੰਨਾ, ਰਾਜਪੁਰਾ, ਸੰਗਰੂਰ ਆਦਿ ਦਰਜਨਾਂ ਡਿਵੀਜ਼ਨਾਂ ਹਨ ਜਿੱਥੇ ਤਨਖ਼ਾਹਾਂ ਦੇ ਸੋਕੇ ਨੇ ਜਲ ਸਪਲਾਈ ਕਾਮਿਆਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ। ਆਗੂਆਂ ਕਿਹਾ,‘ਸਾਨੂੰ ਕਿਹਾ ਜਾ ਰਿਹਾ ਹੈ ਕਿ ਪਿੱਛੇ ਤੋਂ ਗਰਾਂਟ ਨਾ ਆਉਣ ਕਾਰਨ ਇਹ ਨੌਬਤ ਆਈ ਹੈ। ਇਕ ਤਾਂ ਇਨ੍ਹਾਂ ਕਾਮਿਆਂ ਦੀਆਂ ਉਜ਼ਰਤਾਂ ਬਹੁਤ ਘੱਟ ਹਨ, ਦੂਜੇ ਪਾਸੇ ਇਨ੍ਹਾਂ ਦੀਆਂ ਘੱਟ ਉਜ਼ਰਤਾਂ ਰੋਕ ਕੇ ਇਨ੍ਹਾਂ ਨਾਲ ਵਿਭਾਗੀ ਧੱਕਾ ਕੀਤਾ ਜਾ ਰਿਹਾ ਹੈ ਜੋ ਬਰਦਾਸ਼ਤਯੋਗ ਨਹੀਂ ਹੈ।’
ਆਗੂਆਂ ਕਿਹਾ ਕਿ ਇਸ ਧੱਕੇ ਖ਼ਿਲਾਫ਼ 22 ਮਾਰਚ ਨੂੰ ਡਿਪਟੀ ਡਾਇਰੈਕਟਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਪਟਿਆਲਾ ਵਿੱਚ ਸੂਬਾਈ ਪੱਧਰੀ ਰੈਲੀ ਕਰਕੇ ਪੱਕਾ ਮੋਰਚਾ ਲਗਾਇਆ ਜਾਵੇਗਾ ਅਤੇ ਉਜ਼ਰਤਾਂ ਜਾਰੀ ਹੋਣ ਤੱਕ ਲਗਾਤਾਰ ਸੰਘਰਸ਼ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਤਰਸ ਦੇ ਆਧਾਰ ’ਤੇ ਵਾਰਸਾਂ ਨੂੰ ਦਿੱਤੀਆਂ ਜਾਂਦੀਆਂ ਨੌਕਰੀਆਂ ਲਈ ਵੀ ਵਿਭਾਗ ਵੱਲੋਂ ਆਨਾਕਾਨੀ ਕੀਤੀ ਜਾ ਰਹੀ ਹੈ, ਦੂਜੇ ਪਾਸੇ ਸੈਂਕੜੇ ਜਲ ਸਪਲਾਈ ਸਕੀਮਾਂ ਬਿਨਾਂ ਕਾਮਿਆਂ ਤੋਂ ਹਨ ਪਰ ਕੋਈ ਭਾਰਤੀ ਨਹੀਂ ਕੀਤੀ ਜਾ ਰਹੀ।