ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 1 ਨਵੰਬਰ
ਮੁੱਖ ਅੰਸ਼
- 24 ਘੰਟਿਆਂ ਵਿੱਚ ਇਕ ਵਾਰ ਮਿਲ ਰਹੀ ਹੈ ਪਾਣੀ ਦੀ ਸਪਲਾਈ
- ਅਗਲੇ ਦਸ ਦਿਨਾਂ ’ਚ ਰਾਹਤ ਮਿਲਣ ਦੇ ਆਸਾਰ ਘੱਟ
ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚ ਪਾਣੀ ਦਾ ਪੱਧਰ ਘੱਟ ਜਾਣ ਕਾਰਨ ਰਾਜਪੁਰਾ ਵਾਸੀਆਂ ਨੂੰ ਪੀਣ ਦੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਾਜਪੁਰਾ ਸ਼ਹਿਰ ਨੂੰ ਖੇੜੀ ਗੰਡਿਆ ਨੇੜਲੇ ਜਲ ਸ਼ੁੱਧੀ ਕੇਂਦਰ ਤੋਂ ਪੀਣ ਦੇ ਪਾਣੀ ਦੀ ਸਪਲਾਈ ਮਿਲਦੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਨਰਵਾਣਾ ਨਹਿਰ ਵਿੱਚ ਪਾਣੀ ਦਾ ਪੱਧਰ 4400 ਕਿਊਸਿਕ ਤੋਂ ਘੱਟ ਕੇ 1600 ਕਿਊਸਿਕ ਰਹਿ ਜਾਣ ਕਾਰਨ ਜਲ ਸ਼ੁੱਧੀ ਕੇਂਦਰਾਂ ਦੇ ਖੂਹਾਂ ਵਿੱਚ ਲੋੜੀਂਦਾ ਪਾਣੀ ਨਾ ਪੁੱਜਣ ’ਤੇ ਰਾਜਪੁਰਾ ਵਾਸੀਆਂ ਨੂੰ ਹੁਣ ਕੇਵਲ 24 ਘੰਟੇ ਵਿੱਚ ਇੱਕੇ ਸਮੇਂ ਪੀਣ ਦੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਕਾਰਨ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਸੰਪਰਕ ਕਰਨ ’ਤੇ ਨਹਿਰੀ ਵਿਭਾਗ ਦੇ ਐਕਸੀਅਨ ਹਰਸ਼ਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਹਰਿਆਣਾ ਵੱਲੋਂ ਪਾਣੀ ਦੀ ਮੰਗ ਘੱਟਣ ’ਤੇ ਨਰਵਾਣਾ ਨਹਿਰ ਵਿੱਚ ਪਾਣੀ ਦਾ ਪੱਧਰ ਘਟਾ ਕੇ 1600 ਕਿਊਸਿਕ ਕੀਤਾ ਗਿਆ ਹੈ। ਰਾਜਪੁਰਾ ਦੇ ਜਲ ਸ਼ੁੱਧੀ ਕੇਂਦਰ ਨੂੰ 150 ਕਿਊਸਿਕ ਦੀ ਬਜਾਏ ਹੁਣ 70 ਕਿਊਸਿਕ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਰਾਜਪੁਰਾ ਦੇ ਐੱਸਡੀਓ ਕਰਨਦੀਪ ਸਿੰਘ ਨੇ ਦੱਸਿਆ ਕਿ ਜਲ ਸ਼ੁੱਧੀ ਕੇਂਦਰ ਦੇ ਖੂਹਾਂ ਵਿੱਚ ਨਹਿਰੀ ਪਾਣੀ ਦੀ ਆਮਦ ਘਟਣ ਕਾਰਨ ਮੋਟਰਾਂ ਨੇ ਪਾਣੀ ਚੁੱਕਣਾ ਛੱਡ ਦਿੱਤਾ ਹੈ। ਇਸ ਕਾਰਨ ਸ਼ਹਿਰ ਵਿੱਚ ਪਾਣੀ ਦੀ ਕਿੱਲਤ ਆ ਰਹੀ ਹੈ। ਆਉਂਦੇ 10 ਦਿਨਾਂ ਤੱਕ ਇਹੋ ਸਥਿਤੀ ਰਹਿਣ ਦੀ ਸੰਭਾਵਨਾ ਹੈ।