ਪੱਤਰ ਪ੍ਰੇਰਕ
ਘਨੌਰ, 9 ਮਾਰਚ
ਇਸ ਖੇਤਰ ਵਿੱਚੋਂ ਗੁਜ਼ਰਦੀ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚੋਂ ਪਿੰਡ ਮੰਡੌਲੀ ਨੇੜਿਓਂ ਨਿਕਲਦੇ ਉਦੈਪੁਰ ਮਾਈਨਰ (ਰਜਵਾਹਾ) ਨੂੰ ਪੱਕਾ ਕਰਨ ਸਮੇਂ ਸਬੰਧਤ ਠੇਕੇਦਾਰ ਵੱਲੋਂ ਨਿਯਮਾਂ ਦੇ ਉਲਟ ਕੀਤੀ ਜਾ ਰਹੀ ਡੂੰਘਾਈ ਦੇ ਵਿਰੋਧ ਵਿੱਚ ਅੱਜ ਧਰਨਾ ਅੱਠਵੇਂ ਦਿਨ ਵੀ ਜਾਰੀ ਰਿਹਾ। ਨੇੜਲੇ ਪਿੰਡਾਂ ਰੁੜਕਾ, ਰੁੜਕੀ, ਬਹਾਵਲਪੁਰ, ਸਰਾਲਾ, ਹਰੀਮਾਜਰਾ, ਅਲਾਮਦੀਪੁਰ ਅਤੇ ਸਲੇਮਪੁਰ ਸਮੇਤ ਦਰਜਨਾਂ ਪਿੰਡਾਂ ਦੇ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਖ਼ਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ਨੂੰ ਐਡਵੋਕੇਟ ਪ੍ਰੇਮ ਸਿੰਘ ਭੰਗੂ, ਸੂਬਾਈ ਕਿਸਾਨ ਆਗੂ ਧਰਮਪਾਲ ਸਿੰਘ ਸੀਲ, ਗੁਰਦੀਪ ਸਿੰਘ ਰੁੜਕੀ, ਹਰਵਿੰਦਰ ਸਿੰਘ ਮਿੱਠੂ ਉਕਸੀ, ਗੁਰਮੀਤ ਸਿੰਘ ਬਹਾਵਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਕੱਲ੍ਹ ਉਨ੍ਹਾਂ ਵੱਲੋਂ ਨਹਿਰੀ ਵਿਭਾਗ ਦੇ ਚੀਫ ਇੰਜਨੀਅਰ ਰਸ਼ਪਾਲ ਸਿੰਘ ਬੁੱਟਰ ਨੂੰ ਚੰਡੀਗੜ੍ਹ ਉਨ੍ਹਾਂ ਦੇ ਦਫਤਰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਵੱਲੋਂ ਅੱਜ ਮੌਕੇ ’ਤੇ ਜਾਇਜ਼ਾ ਲੈ ਕੇ ਕਾਰਵਾਈ ਦਾ ਵਿਸ਼ਵਾਸ ਦਿੱਤੇ ਜਾਣ ਦੇ ਬਾਵਜੂਦ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਆਇਆ। ਇਸ ਕਾਰਨ ਕਿਸਾਨਾਂ ਵਿੱਚ ਤਿੱਖਾ ਰੋਸ ਹੈ। ਉਨ੍ਹਾਂ ਐਲਾਨ ਕੀਤਾ ਕਿ 12 ਮਾਰਚ ਤੋਂ ਹੋਰਨਾਂ ਭਰਾਤਰੀ ਜਥੇਬੰਦੀਆਂ ਦੇ ਨਾਲ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਠੇਕੇਦਾਰ ਵੱਲੋਂ ਰਾਜਵਾਹੇ ਨੂੰ ਆਮ ਨਾਲੋਂ 2-3 ਫੁੱਟ ਡੂੰਘਾ ਕਰ ਦਿੱਤਾ ਗਿਆ ਹੈ। ਇਸ ਕਾਰਨ ਪਾਣੀ ਦਾ ਪੱਧਰ ਨੀਵਾਂ ਰਹਿਣ ’ਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਰਜਬਾਹੇ ਵਿੱਚੋਂ ਮੋਘਿਆਂ ਰਾਹੀਂ ਮਿਲਣ ਵਾਲਾ ਪਾਣੀ ਨਹੀਂ ਮਿਲ ਸਕੇਗਾ। ਉਹ ਰਜਬਾਹੇ ਨੂੰ ਪੁਰਾਣੇ ਪੱਧਰ ਮੁਤਾਬਕ ਉਸਾਰਨ ਦੀ ਮੰਗ ਕਰ ਰਹੇ ਹਨ।