ਪੱਤਰ ਪ੍ਰੇਰਕ
ਪਟਿਆਲਾ, 28 ਮਈ
ਪੰਜਾਬੀ ਪ੍ਰੇਮੀਆਂ ਨੇ ਮਾਲਵਾ ਰਿਸਰਚ ਸੈਂਟਰ ਦੀ ਅਗਵਾਈ ਵਿੱਚ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਕਿ ਜੇਕਰ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਰਾਜ ਭਾਸ਼ਾ ਐਕਟ ਦੀ ਅਣਦੇਖੀ ਬੰਦ ਨਾ ਕੀਤੀ ਤਾਂ ਉਹ ਪੀਪੀਐੱਸਸੀ ਵਿਰੁੱਧ ਸੰਘਰਸ਼ ਵਿੱਢਣਗੇ। ਆਗੂਆਂ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਅਦਾਲਤੀ ਕੰਮਕਾਜ ਖੇਤਰੀ ਭਾਸ਼ਾਵਾਂ ਵਿੱਚ ਕਰਨ ਦੀ ਪ੍ਰੇਰਨਾ ਦੇ ਰਹੇ ਹਨ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਅਦਾਰੇ ਰਾਜ ਭਾਸ਼ਾ ਐਕਟ ਦੀ ਸਿੱਧੀ ਉਲੰਘਣਾ ਕਰ ਰਹੇ ਹਨ। ਮਾਲਵਾ ਰਿਸਰਚ ਸੈਂਟਰ ਪਟਿਆਲਾ ਦੀ ਇਕੱਤਰਤਾ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿਚ ਡਾ. ਸਵਰਾਜ ਨੇ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ। ਮੀਟਿੰਗ ਵਿਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਆਪਣੀਆਂ ਪ੍ਰੀਖਿਆਵਾਂ ਪੰਜਾਬੀ ਦੀ ਥਾਂ ਅੰਗਰੇਜ਼ੀ ਵਿੱਚ ਲੈਣ ਦੀ ਘੋਰ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਰਾਜ ਭਾਸ਼ਾ ਐਕਟ ਦੀ ਉਲੰਘਣਾ ਦੱਸਿਆ। ਇਸ ਦੌਰਾਨ ਡਾ. ਭਗਵੰਤ ਸਿੰਘ ਜਨਰਲ ਸਕੱਤਰ ਨੇ ਕਿਹਾ ਕਿ ਇਹ ਹੋਰ ਵੀ ਨਿੰਦਣਯੋਗ ਹੈ ਕਿ ਰਾਜ ਭਾਸ਼ਾ ਐਕਟ ਨੂੰ ਲਾਗੂ ਕਰਾਉਣ ਵਾਲੇ ਅਦਾਰੇ ਭਾਸ਼ਾ ਵਿਭਾਗ ਪੰਜਾਬ ਦੇ ਅਧਿਕਾਰੀਆਂ ਵੱਲੋਂ ਭੇਜੇ ਪੱਤਰਾਂ ਨੂੰ ਦਰਕਿਨਾਰ ਕੀਤਾ ਗਿਆ ਹੈ।