ਰਵੇਲ ਸਿੰਘ ਭਿੰਡਰ
ਪਟਿਆਲਾ, 30 ਜੂਨ
ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇੜੇ ਲੋਕਲ ਬੱਸ ਅੱਡੇ ’ਚ ਪਿਛਲੇ 22 ਦਿਨਾਂ ਤੋਂ ਪੱਕਾ ਮੋਰਚਾ ਲਗਾਈ ਬੈਠੇ ਐੱਨ.ਐੱਸ.ਕਿਊ.ਐੱਫ਼. ਵੋਕੇਸ਼ਨਲ ਅਧਿਆਪਕਾਂ ਨੇ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਵੱਲੋਂ ਗ਼ੌਰ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਰਾਹਗੀਰਾਂ ਦੇ ਵਾਹਨਾਂ ਦੇ ਸ਼ੀਸ਼ੇ ਸਾਫ਼ ਕਰ ਕੇ ਰੋਸ ਪ੍ਰਦਰਸ਼ਨ ਕੀਤਾ।
ਜਥੇਬੰਦੀ ਦੇ ਪ੍ਰਧਾਨ ਰਾਏ ਸਾਹਿਬ ਸਿੰਘ ਸਿੱਧੂ ਨੇ ਦੱਸਿਆ ਕਿ ਲੰਘੇ ਦਿਨੀਂ ਸਰਕਾਰ ਨੇ ਗੱਲਬਾਤ ਲਈ ਚੰਡੀਗੜ੍ਹ ਸੱਦਿਆ ਸੀ ਪਰ ਸੰਘਰਸ਼ੀ ਅਧਿਆਪਕਾਂ ਦਾ ਵਫ਼ਦ ਸਰਕਾਰੀ ਧਿਰ ਨੂੰ ਘੰਟਿਆਂਬੱਧੀ ਉਡੀਕ ਕੇ ਖਾਲੀ ਹੱਥ ਪਰਤ ਆਇਆ ਸੀ। ਹੈਰਾਨੀ ਦੀ ਗੱਲ ਹੈ ਕਿ ਦੋ ਦਿਨ ਲੰਘਣ ਦੇ ਬਾਵਜੂਦ ਸਰਕਾਰੀ ਧਿਰ ਨੇ ਦੁੁਬਾਰਾ ਗੱਲਬਾਤ ਲਈ ਸਮਾਂ ਨਹੀਂ ਦਿੱਤਾ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਕੈਪਟਨ ਸਰਕਾਰ ਹਰ ਮੁਹਾਜ਼ ’ਤੇ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਵਾਹਨਾਂ ਦੇ ਸ਼ੀਸ਼ੇ ਸਾਫ਼ ਕਰਨ ਵਿੱਚ ਵੱਡੀ ਗਿਣਤੀ ਅਧਿਆਪਕਾਵਾਂ ਵੀ ਮਸਰੂਫ਼ ਸਨ। ਸੰਘਰਸ਼ੀ ਅਧਿਆਪਕਾਂ ਨੇ ਇਸ ਦੌਰਾਨ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।