ਰਵੇਲ ਸਿੰਘ ਭਿੰਡਰ
ਪਟਿਆਲਾ, 18 ਜੂਨ
ਇਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕੋਲ ਐੱਨਐੱਸਕਿਊਐਫ਼ ਵੋਕੇਸ਼ਨਲ ਅਧਿਆਪਕਾਂ ਵੱਲੋਂ ਚਲਾਏ ਜਾ ਰਹੇ ਪੱਕੇ ਮੋਰਚੇ ’ਚ ਅੱਜ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੋਰਚੇ ਨੇ ਗਿਲਾ ਕੀਤਾ ਕਿ ਸਰਕਾਰ ਵੋਕੇਸ਼ਨਲ ਅਧਿਾਅਪਕਾਂ ਦੀਆਂ ਮੰਗਾਂ ਮੰਨਣ ਪ੍ਰਤੀ ਅਵੇਸਲੀ ਹੈ ਤੇ ਪੈਨਲ ਬੈਠਕ ’ਤੇ ਵੀ ਖਰੀ ਨਹੀਂ ਉਤਰ ਰਹੀ। ਇਸ ਕਾਰਨ ਸੰਘਰਸ਼ੀ ਅਧਿਆਪਕਾਂ ’ਚ ਸਰਕਾਰ ਖ਼ਿਲਾਫ ਰੋਸ ਦੀ ਲਹਿਰ ਵਧ ਰਹੀ ਹੈ।
ਵੋਕੇਸ਼ਨਲ ਅਧਿਆਪਕ ਪਿਛਲੇ ਸੱਤ ਸਾਲਾਂ ਤੋਂ ਕਿਤਾ ਮੁਖੀ ਕੋਰਸਾਂ ’ਤੇ ਤਾਇਨਾਤ ਹਨ ਤੇ ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰਨ ਦੇ ਲਾਰੇ ਲਗਾ ਰਹੀ ਹੈ। ਚੋਣਾਂ ਵੇਲੇ ਵੀ ਕਾਂਗਰਸ ਸਰਕਾਰ ਨੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਸੀ। ਇਸੇ ਦੌਰਾਨ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਨੇ ਆਖਿਆ ਕਿ ਅੱਜ ਵੀ ਸਰਕਾਰ ਨਾਲ ਪੈਨਲ ਬੈਠਕ ਤੈਅ ਸੀ ਪਰ ਇਸ ਬੈਠਕ ਨੂੰ ਮੁਲਤਵੀ ਕਰਕੇ ਅਗਲੀ ਬੈਠਕ ਦੇਣ ਤੋਂ ਵੀ ਹਿਚਕਾਹਟ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਪੈਨਲ ਬੈਠਕ ਤੋਂ ਵੀ ਭੱਜ ਰਹੀ ਹੈ ਤੇ ਅਜਿਹੇ ਵਿੱਚ ਮਸਲਿਆਂ ਦੇ ਹੱਲ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਅਜਿਹੇ ਨਾ-ਪੱਖੀ ਰਵੱਈਏ ਕਾਰਨ ਸੰਘਰਸ਼ੀ ਪਿੜ ’ਚ ਰੋਸ ਦੀ ਲਹਿਰ ਸਤਵੇਂ ਅਸਮਾਨ ’ਤੇ ਹੈ ਅਤੇ ਜੇਕਰ ਸਰਕਾਰ ਨੇ ਮਸਲੇ ਨੂੰ ਅਣਡਿੱਠ ਜਾਣਿਆ ਤਾਂ ਅਗਲੇ ਦਿਨਾਂ ਅੰਦਰ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ। ਰੋਸ ਪ੍ਰਦਰਸ਼ਨ ਨੂੰ ਸੂਬਾ ਮੀਤ ਪ੍ਰਧਾਨ ਡਾ. ਨਵਨੀਤ ਕੁਮਾਰ, ਸੂਬਾ ਮੀਤ ਪ੍ਰਧਾਨ ਸਵਰਨਜੀਤ ਸਿੰਘ, ਸਲਾਹਕਾਰ ਕਮੇਟੀ ਮੈਂਬਰ ਸੁਰਿੰਦਰ ਕੰਬੋਜ, ਪ੍ਰੈਸ ਸਕੱਤਰ ਜਸਵਿੰਦਰ ਸਿੰਘ, ਮਨਜਿੰਦਰ ਸਿੰਘ ਤਰਨਤਾਰਨ ਅਤੇ ਲਵਪ੍ਰੀਤ ਸਿੰਘ ਤਰਨਤਾਰਨ ਨੇ ਵੀ ਸੰਬੋਧਨ ਕੀਤਾ।