ਗੁਰਨਾਮ ਸਿੰਘ ਚੌਹਾਨ
ਪਾਤੜਾਂ, 12 ਜਨਵਰੀ
ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦੇ ਹੀ ਰਾਜਨੀਤਕ ਪਾਰਟੀਆਂ ਨੇ ਚੋਣਾਂ ਲਈ ਆਪਣੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਹਲਕਾ ਸ਼ੁਤਰਾਣਾ ਵਿੱਚ ਅਕਾਲੀ ਦਲ+ਬਸਪਾ ਅਤੇ ਆਪ ਵੱਲੋਂ ਐਲਾਨੇ ਉਮੀਦਵਾਰਾਂ ਤੇ ਵੱਖ ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਨੇ ਵੋਟਰਾਂ ਨਾਲ ਸੰਪਰਕ ਕਰਨ ਦੇ ਨਾਲ-ਨਾਲ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਨ ਲਈ ਪੋਸਟਰ ਬੈਨਰ ਅਤੇ ਹੋਰਡਿੰਗ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਹਨ। ਕੁਝ ਸੰਭਾਵੀ ਉਮੀਦਵਾਰਾਂ ਵੱਲੋਂ ਸਾਂਝੀਆਂ ਥਾਵਾਂ ’ਤੇ ਇਸ਼ਤਿਹਾਰਬਾਜ਼ੀ ਕਰਕੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਭਾਵੇਂ ਸ਼ਹਿਰ ਵਿੱਚੋਂ ਨਗਰ ਕੌਂਸਲ ਪਾਤੜਾਂ ਨੇ ਬੋਰਡ ਉਤਾਰ ਦਿੱਤੇ ਹਨ ਪਰ ਪੇਂਡੂ ਖੇਤਰ ਵੱਲ ਅਧਿਕਾਰੀਆਂ ਦਾ ਅਜੇ ਧਿਆਨ ਨਾ ਹੋਣ ਕਰਕੇ ਨਿਯਮਾਂ ਦੀ ਉਲੰਘਣਾ ਦਾ ਸਿਲਸਿਲਾ ਜਾਰੀ ਹੈ। ਵਿਧਾਨ ਸਭਾ ਹਲਕਾ ਸ਼ੁਤਰਾਣਾ ਰਿਜ਼ਰਵ ਵਿੱਚ ਅਕਾਲੀ-ਬਸਪਾ ਦੀ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ‘ਆਪ’ ਦੇ ਉਮੀਦਵਾਰ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਸਾਥੀਆਂ ਦੇ ਸਹਿਯੋਗ ਨਾਲ ਪਿੰਡਾਂ ’ਚ ਨੁੱਕੜ ਮੀਟਿੰਗਾਂ ਕਰਕੇ ਚੋਣ ਪ੍ਰਚਾਰ ਲਈ ਪੋਸਟਰ ਲਗਾਏ ਜਾ ਰਹੇ ਹਨ। ਚੋਣ ਪ੍ਰਚਾਰ ਦੌਰਾਨ ‘ਆਪ’ ਦੇ ਸਮਰਥਕਾਂ ਵੱਲੋਂ ਸਾਂਝੀਆਂ ਥਾਵਾਂ ’ਤੇ ਪਿੰਡ ਬੁਰੜ ਦੇ ਸ਼ਮਸ਼ਾਨਘਾਟ ਦੀ ਦੀਵਾਰ ਉੱਤੇ ‘ਆਪ’ ਦੇ ਚੋਣ ਨਿਸ਼ਾਨ ਅੇ ਉਮੀਦਵਾਰ ਦੇ ਨਾਂ ਦਾ ਵੱਡਾ ਪੋਸਟਰ ਬਣਾ ਕੇ ਤੇ ਪਿੰਡ ਸ਼ੁਤਰਾਣਾ ਵਿੱਚ ਪਾਵਰਕੌਮ ਤੇ ਟੈਲੀਕਾਮ ਵਿਭਾਗ ਦੇ ਖੰਭਿਆਂ ’ਤੇ ਹੋਰਡਿੰਗ ਲਾ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਚੋਣ ਅਧਿਕਾਰੀ ਕਮ ਐੱਸਡੀਐੱਮ ਪਾਤੜਾਂ ਅੰਕੁੁਰਜੀਤ ਸਿੰਘ ਨੇ ਕਿਹਾ ਹੈ ਕਿ ਇਹ ਇਸ਼ਤਿਹਾਰਬਾਜ਼ੀ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਪਰ ਉਹ ਉਸ ਦਾ ਪਤਾ ਕਰਾ ਕੇ ਪੋਸਟਰਾਂ-ਬੈਨਰਾਂ ਆਦਿ ਨੂੰ ਉਤਰਵਾ ਕੇ ਉਮੀਦਵਾਰਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਉਣਗੇ।