ਪੱਤਰ ਪ੍ਰੇਰਕ
ਦੇਵੀਗੜ੍ਹ, 15 ਨਵੰਬਰ
ਦੀਵਿਆਂ ਦਾ ਤਿਓਹਾਰ ਦੀਵਾਲੀ ਜਿੱਥੇ ਦੇਸ਼ ਵਿਦੇਸ਼ ਵਿੱਚ ਬੜੀ ਜੋਸ਼ ਖਰੋਸ਼ ਨਾਲ ਮਨਾਈ ਗਈ, ਉਥੇ ਹੀ ਦੇਵੀਗੜ੍ਹ ਅਤੇ ਇਸ ਦੇ ਆਸ ਪਾਸ ਦੇ ਪਿੰਡਾਂ ਵਿੱਚ ਵੀ ਇਹ ਤਿਓਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਸਬਾ ਦੇਵੀਗੜ੍ਹ ਵਿੱਚ ਸਾਰਾ ਦਿਨ ਗਹਿਮਾ ਗਹਿਮੀ ਰਹੀ ਅਤੇ ਲੋਕਾਂ ਨੇ ਖਾਣ ਪੀਣ ਲਈ ਮਠਿਆਈਆਂ ਅਤੇ ਪਟਾਕੇ ਖਰੀਦੇ। ਕਸਬਾ ਦੇਵੀਗੜ੍ਹ ਵਿੱਚ ਦੁਪਹਿਰ ਤੱਕ ਤਾਂ ਰੌਣਕ ਘੱਟ ਰਹੀ ਪਰ ਦੁਪਹਿਰ ਬਾਅਦ ਆਸ ਪਾਸ ਦੇ ਪਿੰਡਾਂ ’ਚੋਂ ਲੋਕ ਖਰੀਦੋ ਫਰੋਖਤ ਲਈ ਭਾਰੀ ਗਿਣਤੀ ਵਿੱਚ ਪੁੱਜੇ ਅਤੇ ਆਪਣੇ ਪਰਿਵਾਰ ਲਈ ਵਸਤੂਆਂ ਖਰੀਦੀਆਂ। ਇਸ ਤੋਂ ਇਲਾਵਾ ਪਟਾਕਿਆਂ ਨਾਲ ਕਿਤੇ ਵੀ ਅੱਗ ਦੀ ਖਬਰ ਨਹੀਂ। ਦੀਵਾਲੀ ਦੇ ਸ਼ੁੱਭ ਮੌਕੇ ’ਤੇ ਸ਼ੁੱਧ ਵਾਤਾਵਰਨ ਨੂੰ ਧਿਆਨ ਵਿੱਚ ਰੱਖਦਿਆਂ ਅੱਡਾ ਦੇਵੀਗੜ੍ਹ ਦੇ ਵਸਨੀਕ ਹਰਪ੍ਰੀਤ ਸਿੰਘ ਖੰਗੂੜਾ ਨੇ ਆਪਣਾ ਜਨਮ ਦਿਨ ਸਰਕਾਰੀ ਨਹਿਰੀ ਰੈਸਟ ਹਾਊਸ ਵਿਖੇ 21 ਬੂਟੇ ਲਗਾ ਕੇ ਮਨਾਇਆ। ਉਨ੍ਹਾਂ ਦੀਵਾਲੀ ਦੇ ਤਿਓਹਾਰ ਨੂੰ ਬਿਨਾਂ ਪਟਾਕੇ ਚਲਾ ਕੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਜੀ.ਓ.ਜੀ. ਸੁਖਦੇਵ ਸਿੰਘ ਖੰਗੂੜਾ ਨੇ ਕਿਹਾ ਕਿ ਸਾਨੂੰ ਸਭ ਨੂੰ ਵਾਤਾਵਰਨ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਅਤੇ ਹਰੀ ਦੀਵਾਲੀ ਮਨਾਉਣੀ ਚਾਹੀਦੀ ਹੈ ਅਤੇ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ। ਇਸ ਮੌਕੇ ਸ਼ਗਨਦੀਪ ਕੌਰ, ਹਰਿੰਦਰ ਸਿੰਘ, ਕਰਮਚਾਰੀ ਜਸਵੰਤ ਸਿੰਘ, ਰਣਜੀਤ ਗਿਰ, ਮਹਿੰਦਰ ਸਿੰਘ ਅਤੇ ਸੋਮ ਨਾਥ ਵੀ ਹਾਜ਼ਰ ਸਨ।