ਨਿੱਜੀ ਪੱਤਰ ਪ੍ਰੇਰਕ
ਨਾਭਾ, 8 ਜੂਨ
ਪਿੰਡਾਂ ਦੇ ਲੋਕ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਚਾਇਤੀ ਰਾਜ ਐਕਟ ਮੁਤਾਬਕ ਜੂਨ ਮਹੀਨੇ ਸਾਉਣੀ ਦੇ ਗ੍ਰਾਮ ਸਭਾ ਇਜਲਾਮ ਨਾ ਕਰਵਾਉਣ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਖਫ਼ਾ ਹਨ। ਲੋਕ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਗ੍ਰਾਮ ਸਭਾਵਾਂ ਵਿੱਚ ਪ੍ਰਸ਼ਾਸਨਿਕ ਗ਼ੈਰਹਾਜ਼ਰੀ ਖ਼ਿਲਾਫ਼ ਰੋਸ ਜਤਾ ਰਹੇ ਹਨ। ਜ਼ਿਕਰਯੋਗ ਹੈ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਚਾਇਤੀ ਰਾਜ ਐਕਟ ਮੁਤਾਬਕ ਜੂਨ ਮਹੀਨੇ ਸਾਉਣੀ ਦੇ ਗ੍ਰਾਮ ਸਭਾ ਇਜਲਾਸ ਵਧੀਆ ਤਰੀਕੇ ਕਰਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਹਰ ਗ੍ਰਾਮ ਸਭਾ ਦੀ ਵੀਡਿਓਗ੍ਰਾਫੀ ਕਰਾਉਣ ਤੇ ਹਰ ਬਲਾਕ ਵਿਚ ਮਿਸਾਲੀ ਗ੍ਰਾਮ ਸਭਾਵਾਂ ਦੀ ਡਾਕੂਮੈਂਟਰੀ ਬਣਾ ਕੇ ਭੇਜਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਵਿਭਾਗ ਨੇ ਹਰ ਬਲਾਕ ਸਮਿਤੀ ਨੂੰ ਗ੍ਰਾਮ ਸਭਾਵਾਂ ਦੀ ਵੀਡੀਓ ਫੇਸਬੁੱਕ ਪੇਜ ‘ਤੇ ਅਪਲੋਡ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਹੁਕਮਾਂ ਨੂੰ ਛਿੱਕੇ ਟੰਗਣ ਦਾ ਵਿਰੋਧ ਕਰਦਿਆਂ ਪਿੰਡਾਂ ਦੇ ਲੋਕ ਵੀਡੀਓ ਅਪਲੋਡ ਕਰ ਰਹੇ ਹਨ ਕਿ ਉਨ੍ਹਾਂ ਦੇ ਪਿੰਡ ਦੇ ਇਜਲਾਸ ਦੀ ਤਰੀਕ ‘ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪੁੱਜਿਆ, ਜਦਕਿ ਪਿੰਡ ਵਾਸੀ ਇਜਲਾਸ ਲਈ ਇਕੱਠੇ ਹੋਏ। ਪਿੰਡ ਦਰਗਾਪੁਰ, ਧਾਰੋਂਕੀ, ਪਾਲੀਆ ਅਤੇ ਨਰਮਾਣਾ ਦੇ ਵਸਨੀਕਾਂ ਨੇ ਪ੍ਰਸ਼ਾਸਨ ਦੀ ਗੈਰਹਾਜ਼ਰੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲ ਨਾਭਾ ਬਲਾਕ ਦੇ 12 ਪਿੰਡਾਂ ਵਿੱਚੋਂ ਆਰਟੀਆਈ ਰਾਹੀਂ ਗ੍ਰਾਮ ਸਭਾ ਇਜਲਾਸਾਂ ਦਾ ਰਿਕਾਰਡ ਮੰਗਿਆ ਗਿਆ ਸੀ, ਜੋ ਕਿ ਕਾਗਜ਼ਾਂ ਵਿੱਚ ਹੀ ਕੀਤੇ ਦਿਖਾਏ ਗਏ ਸਨ। ਕਿਸੇ ਇਜਲਾਸ ਵਿੱਚ ਘੱਟੋ-ਘੱਟ ਲੋੜੀਂਦੀ ਹਾਜ਼ਰੀ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਸੀ ਕੇ ਪਿੰਡ ਦੀ ਰਾਏਸ਼ੁਮਾਰੀ ਤੋਂ ਬਿਨਾਂ ਹੀ ਮਤੇ ਪਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰਜ਼ੀ ਇਜਲਾਸਾਂ ਬਾਰੇ ਜਿਲ੍ਹਾ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਅਜੇ ਤੱਕ ਬਕਾਇਆ ਹਨ। ਪਿੰਡ ਪਾਲੀਆ ਤੋਂ ਹਰਦੀਪ ਕੌਰ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਕਿਸੇ ਪਿੰਡ ਵਿੱਚ ਗ੍ਰਾਮ ਸਭਾਵਾਂ ਸਬੰਧੀ ਮੁਨਾਦੀ ਨਹੀਂ ਕਰਵਾਈ ਜਾ ਰਹੀ ਤੇ ਨਾ ਹੀ ਨਿਰਦੇਸ਼ਾਂ ਮੁਤਾਬਕ ਪ੍ਰੈੱਸ ਵਿੱਚ ਇਸ਼ਤਿਹਾਰ ਦਿੱਤੇ ਗਏ ਹਨ।
ਮਾਮਲੇ ਦੀ ਪੜਤਾਲ ਕਰਾਂਗੇ: ਬੀਡੀਪੀਓ
ਨਾਭਾ ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰਨਗੇ ਤੇ ਜਿਹੜੇ ਪਿੰਡਾਂ ਵਿੱਚ ਇਜਲਾਸ ਨਹੀਂ ਹੋਏ, ਉਥੇ ਮੁੜ ਮਿਤੀ ਐਲਾਨੀ ਜਾਵੇਗੀ ਤੇ ਮੁਨਾਦੀ ਕਰਵਾ ਕੇ ਇਜਲਾਸ ਕਰਵਾਇਆ ਜਾਵੇਗਾ। ਇਸ ਮੌਕੇ ਪਟਿਆਲਾ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਨੇ ਫੋਨ ਅਤੇ ਮੈਸੇਜ ਦਾ ਜੁਆਬ ਨਾ ਦਿੱਤਾ।