ਗੁਰਪ੍ਰੀਤ ਸਿੰਘ
ਘਨੌਰ, 14 ਜਨਵਰੀ
ਪਿੰਡ ਚਮਾਰੂ ਦੀ ਸ਼ਾਮਲਾਟ ਜ਼ਮੀਨ ਵਿੱਚੋਂ ਸਫ਼ੈਦੇ ਦੇ ਦਰੱਖ਼ਤ ਕੱਟ ਕੇ ਚੋਰੀ ਕਰਨ ਦੇ ਦੋਸ਼ ਵਿੱਚ ਦਰਜ ਪੁਲੀਸ ਕੇਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਥਾਣਾ ਸ਼ੰਭੂ ਬਾਹਰ ਵਣ ਰੇਂਜ ਅਫਸਰ ਰਾਜਪੁਰਾ ਖਿਲਾਫ਼ ਕਾਰਵਾਈ ਦੀ ਮੰਗ ਸਬੰਧੀ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ‘ਆਪ’ ਆਗੂ ਦਿਨੇਸ਼ ਮਹਿਤਾ ਰਾਜਪੁਰਾ, ਗੁਰਪ੍ਰੀਤ ਸਿੰਘ ਸੰਧੂ ਨਰੜੂ ਅਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪਿੰਡ ਚਮਾਰੂ ਦੀ ਸ਼ਾਮਲਾਟ ਜ਼ਮੀਨ ਵਿੱਚੋਂ ਕੁਝ ਦਰੱਖਤ ਚੋਰੀ ਹੋਏ ਸਨ, ਜਿਸ ਸਬੰਧੀ ਪੁਲੀਸ ਵੱਲੋਂ ਪਿੰਡ ਦੇ ਵਸਨੀਕ ਸੱਤ ਵਿਅਕਤੀਆਂ ਖਿਲਾਫ਼ ਵਣ ਰੇਂਜ ਅਫਸਰ ਰਾਜਪੁਰਾ ਦੀ ਸ਼ਿਕਾਇਤ ’ਤੇ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਦਰੱਖਤ ਚੋਰੀ ਕਰਨ ਦੇ ਮਾਮਲੇ ਨਾਲ ਸਬੰਧਤ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਵਣ ਰੇਂਜ ਅਫਸਰ ਵੱਲੋਂ ਕਥਿਤ ਤੌਰ ’ਤੇ ਝੂਠੀ ਸ਼ਿਕਾਇਤ ਕਰਕੇ ਪਿੰਡ ਵਾਸੀਆਂ ਖਿਲਾਫ਼ ਦਰੱਖਤ ਚੋਰੀ ਕਰਨ ਦਾ ਕੇਸ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਦਰੱਖਤ ਚੋਰੀ ਕਰਨ ਸਬੰਧੀ ਪਿੰਡ ਵਾਸੀਆਂ ਖ਼ਿਲਾਫ਼ ਦਰਜ ਕੇਸ ਰੱਦ ਕੀਤਾ ਜਾਵੇ ਤੇ ਇਸ ਚੋਰੀ ਲਈ ਜ਼ਿੰਮੇਵਾਰ ਅਸਲ ਦੋਸ਼ੀਆਂ ਅਤੇ ਵਣ ਰੇਂਜ ਅਫਸਰ ਰਾਜਪੁਰਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਡੀ.ਐੱਸ.ਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਪੁਲੀਸ ਵੱਲੋਂ ਵਣ ਰੇਂਜ ਅਫਸਰ ਰਾਜਪੁਰਾ ਦੀ ਸ਼ਿਕਾਇਤ ’ਤੇ ਚਮਾਰੂ ਵਾਸੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਵਣ ਰੇਂਜ ਅਫ਼ਸਰ ਨੇ ਦੋਸ਼ ਨਕਾਰੇ
ਵਣ ਰੇਂਜ ਅਫਸਰ ਰਾਜਪੁਰਾ ਬਲਜੀਤ ਸਿੰਘ ਨੇ ਪਿੰਡ ਵਾਸੀਆਂ ਵੱਲੋਂ ਦਰੱਖਤ ਚੋਰੀ ਕਰਨ ਸਬੰਧੀ ਝੂਠਾ ਕੇਸ ਦਰਜ ਕਰਵਾਉਣ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਉਨ੍ਹਾਂ ਨੂੰ ਬੀ.ਡੀ.ਪੀ.ਓ ਸ਼ੰਭੂ ਕਲਾਂ ਨੇ ਉਪਰੋਕਤ ਪਿੰਡ ਵਾਸੀਆਂ ਵੱਲੋਂ ਦਰੱਖ਼ਤ ਚੋਰੀ ਕਰਨ ਦੀ ਸ਼ਿਕਾਇਤ ਕੀਤੀ ਗਈ ਸੀ, ਜਿਸ ਦੀ ਜਾਂਚ ਉਪਰੰਤ ਉਨ੍ਹਾਂ ਨੇ ਉਪਰੋਕਤ ਸੱਤ ਵਿਅਕਤੀਆਂ ਖਿਲਾਫ਼ ਪੁਲੀਸ ਨੂੰ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ। ਉਸੇ ਦੇ ਆਧਾਰ ’ਤੇ ਪੁਲੀਸ ਵੱਲੋਂ ਚਮਾਰੂ ਵਾਸੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।