ਗੁਰਨਾਮ ਸਿੰਘ ਚੌਹਾਨ
ਪਾਤੜਾਂ, 26 ਅਕਤੂਬਰ
ਕੇਂਦਰ ਸਰਕਾਰ ਵੱਲੋਂ ਭਾਰਤ ਮਾਲਾ ਪ੍ਰਾਜੈਕਟ ਤਹਿਤ ਜੰਮੂ-ਕਟੜਾ ਐਕਸਪ੍ਰੈੱਸਵੇਅ ਨੂੰ ਬਣਾਉਣ ਦਾ ਠੇਕਾ ਸੀਡੀਐੱਸ ਇਨਫਰਾਸਟਰਕਰਚ ਕੰਪਨੀ ਨੂੰ ਦਿੱਤਾ ਹੋਇਆ ਹੈ। ਕੰਪਨੀ ਵੱਲੋਂ 10 ਤੋਂ 12 ਫੁੱਟ ਉੱਚੇ ਬਣਨ ਵਾਲੇ ਮਾਰਗ ਉੁੱਤੇ ਮਿੱਟੀ ਦੀ ਭਰਤ ਪਾਉਣ ਦਾ ਠੇਕਾ ਕਈ ਠੇਕੇਦਾਰਾਂ ਨੂੰ ਦਿੱਤਾ ਗਿਆ ਹੈ। ਠੇਕੇਦਾਰਾਂ ਦੁਆਰਾ ਮਿੱਟੀ ਲਿਆਉਣ ਲਈ ਚਲਾਏ ਜਾ ਰਹੇ ਟਿੱਪਰਾਂ ਨੇ ਖੇਤਾਂ ਵਿੱਚ ਬੀਜੀਆਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰਨ ਦੇ ਨਾਲ-ਨਾਲ ਪੇਂਡੂ ਸੰਪਰਕ ਸੜਕਾਂ ਵੀ ਤੋੜ ਦਿੱਤੀਆਂ ਹਨ। ਪ੍ਰਸ਼ਾਸਨ ਦੀ ਚੁੱਪ ਸੜਕਾਂ ਉੱਤੇ ਸਫ਼ਰ ਕਰਨ ਵਾਲੇ ਪੇਂਡੂ ਲੋਕਾਂ ਲਈ ਗੰਭੀਰ ਸਮੱਸਿਆ ਬਣ ਰਹੀ ਹੈ।
ਕਿਸਾਨ ਸੰਤੋਖ ਸਿੰਘ, ਗੁਰਨਾਮ ਸਿੰਘ, ਗਿਆਨ ਚੰਦ, ਦੀਵਾਨ ਚੰਦ, ਗਗਨਦੀਪ ਸਿੰਘ ਤੇ ਅੰਗਰੇਜ਼ ਸਿੰਘ ਆਦਿ ਨੇ ਦੱਸਿਆ ਕਿ ਪੇਂਡੂ ਖੇਤਰ ਦੀਆਂ ਲਿੰਕ ਅਤੇ ਮੁੱਖ ਸੜਕਾਂ ’ਤੇ ਚੱਲਦੇ ਓਵਰਲੋਡ ਟਿੱਪਰਾਂ ਦੇ ਚਾਲਕ ਵੱਲੋਂ ਟਿੱਪਰਾਂ ਨੂੰ ਤੇਜ਼ ਰਫ਼ਤਾਰ ਨਾਲ ਚਲਾਉਣ ਕਾਰਨ ਲਿੰਕ ਤੇ ਮੁੱਖ ਸੜਕਾਂ ਕੁਝ ਮਹੀਨਿਆਂ ਵਿੱਚ ਹੀ ਤਹਿਸ-ਨਹਿਸ ਹੋ ਗਈਆਂ ਹਨ। ਹੁਣ ਇਨ੍ਹਾਂ ਸੜਕਾਂ ਉੱਤੇ ਸਫ਼ਰ ਕਰਦੇ ਪੇਂਡੂ ਖੇਤਰ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਓਵਰਲੋਡ ਟਿੱਪਰਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਚਾਲਕ ਦਿਨ ਦੀ ਬਜਾਏ ਰਾਤ ਨੂੰ ਸੜਕਾਂ ’ਤੇ ਟਿੱਪਰ ਚਲਾਉਣੇ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਓਵਰਲੋਡ ਟਿੱਪਰਾਂ ਉੱਤੇ ਰੋਕ ਲਗਾ ਕੇ ਇਨ੍ਹਾਂ ਵੱਲੋਂ ਤੋੜੀਆਂ ਗਈਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
ਮਾਮਲਾ ਹਾਈਵੇਅ ਅਥਾਰਿਟੀ ਦੇ ਧਿਆਨ ’ਚ ਲਿਆਂਦਾ ਜਾਵੇਗਾ: ਐੱਸਡੀਐੱਮ
ਐੱਸਡੀਐੱਮ (ਪਾਤੜਾਂ) ਨਵਦੀਪ ਕੁਮਾਰ ਨੇ ਕਿਹਾ ਕਿ ਹੈ ਉਹ ਜਲਦ ਹੀ ਓਵਰਲੋਡ ਟਿੱਪਰਾਂ ਤੋਂ ਪ੍ਰਭਾਵਿਤ ਪੇਂਡੂ ਖੇਤਰ ਦੀਆਂ ਸੜਕਾਂ ਦਾ ਦੌਰਾ ਕਰਕੇ ਕੌਮੀ ਹਾਈਵੇਅ ਅਥਾਰਿਟੀ ਅਤੇ ਸੀਡੀਐੱਸ ਇੰਫਰਾਸਟਰਕਰਚ ਪ੍ਰਾਈਵੇਟ ਕੰਪਨੀ ਦੇ ਅਣਿਕਾਰੀਆਂ ਨਾਲ ਮੀਟਿੰਗ ਕਰਨਗੇ। ਉਨ੍ਹਾਂ ਕਿਹਾ ਕਿ ਟੁੱਟੀਆਂ ਸੜਕਾਂ ਦਾ ਮਾਮਲਾ ਸਬੰਧਤ ਅਥਾਰਿਟੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜੇਕਰ ਮੀਟਿੰਗ ਵਿਚ ਕੋਈ ਹੱਲ ਨਾ ਨਿਕਲਿਆ ਤਾਂ ਕੰਪਨੀ ਤੇ ਟਿੱਪਰ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।