ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ/ਸੁਨਾਮ, 28 ਸਤੰਬਰ
ਵਿਜੀਲੈਂਸ ਬਿਊਰੋ ਪਟਿਆਲਾ ਦੇ ਐੱਸਐੱਸਪੀ ਜਗਤਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੇ ਸੁਨਾਮ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭਗੀਰਥ ਰਾਏ ਨੂੰ ਸਰਕਾਰੀ ਫੰਡਾਂ ’ਚ ਘਪਲਾ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਖ਼ਿਲਾਫ਼ ਵਿਭਾਗ ਦੇ ਪਟਿਆਲਾ ਸਥਿਤ ਥਾਣੇ ’ਚ ਕੇਸ ਦਰਜ ਕਰ ਲਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਨਗਰ ਕੌਂਸਲ ਸੁਨਾਮ ਦੇ ਫੰਡਾਂ ’ਚ ਹੋਏ ਘਪਲੇ ਦੀ ਜਾਂਚ ਕਈ ਦਿਨਾਂ ਤੋਂ ਕੀਤੀ ਜਾ ਰਹੀ ਸੀ। ਜਾਂਚ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵੱਲੋਂ ਕਥਿਤ ਆਪਣੀ ਸਰਕਾਰੀ ਗੱਡੀ ਦੀ ਮੁਰੰਮਤ ਦੇ ਤਿਆਰ ਕੀਤੇ ਜਾਅਲੀ ਬਿੱਲ ਸਾਹਮਣੇ ਆਏ। ਇਸ ਤੋਂ ਇਲਾਵਾ ਉਸ ਨੇ ਨਿਰਧਾਰਤ ਇਸ਼ਤਿਹਾਰ ਨੀਤੀ ਨੂੰ ਨਗਰ ਕੌਂਸਲ ਵਿੱਚ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ।