ਸਰਬਜੀਤ ਸਿੰਘ ਭੰਗੂ
ਸਨੌਰ, 13 ਨਵੰਬਰ
ਅਕਾਲੀ ਦਲ ਵੱਲੋਂ ਹਲਕਾ ਸਨੌਰ ਲਈ ਤਾਂ ਭਾਵੇਂ ਪਹਿਲਾਂ ਹੀ ਸੀਟਿੰਗ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦਾ ਉਮੀਦਵਾਰ ਵਜੋਂ ਐਲਾਨ ਕੀਤਾ ਜਾ ਚੁੱਕਾ ਹੈ। ਜਦਕਿ ਉਨ੍ਹਾਂ ਦੇ ਪਿਤਾ ਪ੍ਰੋ. ਪ੍ਰੇਮ ਸਿੰਘ ਚੰਦੁਮਾਜਰਾ ਨੂੰ ਵੀ ਘਨੌਰ ਹਲਕੇ ਤੋਂ ਟਿਕਟ ਦੇ ਕੇ ਮੈਦਾਨ ’ਚ ਉਤਾਰ ਦਿੱਤਾ ਹੈ। ਇਸ ਤਰ੍ਹਾਂ ਇਹ ਦੋਵੇਂ ਪਿਓ ਪੁੱਤ ਨਾਲ਼ੋ ਨਾਲ਼ ਲੱਗਦੇ ਹਲਕਿਆਂ ਤੋਂ ਚੋਣ ਲੜਨਗੇ। ਸਨੌਰ ਅਤੇ ਘਨੌਰ ਦੋ ਅਜਿਹੇ ਹਲਕੇ ਹਨ, ਜਿਨ੍ਹਾਂ ਵਿਚ ਹੋਰ ਕਿਸੇ ਵੀ ਹਲਕੇ ਦਾ ਕੋਈ ਪਿੰਡ ਨਹੀਂ ਆਉਂਦਾ। ਫੇਰ ਇਹ ਦੋਵੇਂ ਹੀ ਹਲਕੇ ਹਰਿਆਣਾ ਦੀ ਹੱਦ ਨਾਲ਼ ਵੀ ਲੱਗਦੇ ਹਨ।
ਇਕੋ ਪਰਿਵਾਰ ਦੇ ਦੋ ਦੋ ਮੈਂਬਰਾਂ ਵੱਲੋਂ ਤਾਂ ਭਾਵੇਂ ਪਹਿਲਾਂ ਵੀ ਚੋਣਾਂ ਲੜੀਆਂ ਗਈਆਂ ਹਨ। ਪਰ ਇਥੋਂ ਦੀ ਇਹ ਪਹਿਲੀ ਹੀ ਅਜਿਹੀ ਘਟਨਾ ਹੈ, ਜਿਸ ਦੌਰਾਨ ਰਾਜਨੀਤਕ ਖੇਤਰ ’ਚ ਚੰਗਾ ਆਧਾਰ ਰੱਖਦੇ ਰਾਜਸੀ ਪਰਿਵਾਰ ਦੇ ਦੋ ਮੈਂਬਰ ਨਾਲ਼ੋ ਨਾਲ਼ ਲੱਗਦੇ ਹਲਕਿਆਂ ਤੋਂ ਚੋਣਾਂ ਲੜ ਰਹੇ ਹੋਣ। ਹਰਿਦਰਪਾਲ ਚੰਦੂਮਾਜਰਾ ਸਨੌਰ ਤੋਂ ਪਹਿਲੀ ਵਾਰ ਵਿਧਾਇਕ ਹਨ, ਉਥੇ ਹੀ ਪ੍ਰੋ. ਚੰਦੂਮਾਜਰਾ ਵੀ ਇਸੇ ਹਲਕੇ ਤੋਂ 1985 ਵਿਚ ਪਹਿਲੀ ਵਾਰ ਵਿਧਾਇਕ ਬਣ ਕੇ ਸਹਿਕਾਰਤਾ ਮੰਤਰੀ ਵੀ ਬਣੇ ਸਨ। ਉਦੋਂ ਇਸ ਹਲਕੇ ਦਾ ਨਾਮ ਡਕਾਲ਼ਾ ਹੁੰਦਾ ਸੀ।
ਪ੍ਰੋ. ਚੰਦੂਮਾਜਰਾ ਵੱਖ ਵੱਖ ਹਲਕਿਆਂ ਤੋਂ ਚੋਣ ਲੜਨ ਵਾਲ਼ੇ ਆਗੂ ਵਜੋਂ ਪ੍ਰਸਿੱਧ ਹਨ। ਪਹਿਲੀ ਵਾਰ 1985 ’ਚ ਉਹ ਡਕਾਲਾ ਤੋਂ ਵਿਧਾਇਕ ਬਣੇ। 2000 ’ਚ ਸੁਨਾਮ ਤੋਂ, 2007 ’ਚ ਲਹਿਰਾਗਾਗਾ ਤੋਂ ਅਤੇ 2012 ’ਚ ਸਰਹਿੰਦ ਤੋਂ ਵਿਧਾਇਕ ਦੀ ਚੋਣ ਲੜੀ। ਹੁਣ ਘਨੌਰ ਤੋਂ ਚੋਣ ਲੜ ਰਹੇ ਹਨ। ਇਥੇ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਤੋਂ ਮਦਨ ਲਾਲ ਜਲਾਲਪੁਰ ਉਮੀਦਵਾਰ ਹੋਣਗੇ, ਜੋ ਦੂਜੀ ਵਾਰ ਵਿਧਾਇਕ ਹਨ। ਪਿਛਲੀ ਵਾਰ ਜਲਾਲਪੁਰ ਕਰੀਬ 36 ਹਜ਼ਾਰ ਵੋਟਾਂ ਦੀ ਲੀਡ ਲੈ ਕੇ ਪੰਜਾਬ ਭਰ ਵਿਚੋਂ ਤੀਜੇ ਸਥਾਨ ’ਤੇ ਰਹੇ ਸਨ। ਰਾਜਨੀਤਕ ਹਲਕਿਆਂ ਦੀਆਂ ਨਿਗਾਹਾਂ ਘਨੌਰ ’ਤੇ ਟਿਕ ਗਈਆਂ ਹਨ। ਕਿਉਂਕਿ ਜਿਥੇ ਜਲਾਲਪੁਰ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਅਤੇ ਕਾਂਗਰਸੀ ਦੀ ਕੇਂਦਰੀ ਹਾਈ ਕਮਾਨ ’ਚ ਵੀ ਪਹੁੰਚ ਰੱਖਦੇ ਹਨ, ਉਥੇ ਹੀ ਲੋਕ ਮਨਾਂ ’ਚ ਉਨ੍ਹਾਂ ਦਾ ਹੁਣ ਤੱਕ ਚੰਗਾ ਆਧਾਰ ਰਿਹਾ ਹੈ। ਪਰ ਚੰਦੂਮਾਜਰਾ ਰਾਜਸੀ ਪਿੜ ਦੇ ਚੰਗੇ ਖਿਡਾਰੀ ਹਨ, ਜੋੜ ਤੋੜ ਕਰਨ ’ਚ ਤਾਂ ਉਨ੍ਹਾਂ ਨੂੰ ਬੇਹੱਦ ਮਾਹਿਰ ਮੰਨਿਆ ਜਾਂਦਾ ਹੈ। ਪੁੱੱਤ ਸਮੇਤ ਖੁਦ ਟਿਕਟ ਲੈਣ ’ਚ ਸਫਲ ਹੋਣਾ ਵੀ ਜੋੜ ਤੋੜ ਦੀ ਕੜੀ ਦਾ ਹੀ ਹਿੱਸਾ ਹੈ। ਉਹ ਦੋ ਵਾਰ ਪਟਿਆਲਾ ਤੋਂ ਐਮਪੀ ਵੀ ਰਹੇ ਹਨ। 1996 ’ਚ ਸੰਤ ਰਾਮ ਸਿੰਗਲਾ ਨੂੰ ਅਤੇ 1998 ’ਚ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਸੀ। 2014 ’ਚ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਐਮਪੀ ਬਣੇ ਸਨ।