ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 5 ਫਰਵਰੀ
ਵਿਧਾਨ ਸਭਾ ਹਲਕਾ ਰਾਜਪੁਰਾ ਵਿੱਚ ਚਾਰ ਮੁੱਖ ਰਾਜਸੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ (‘ਆਪ’) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਉਤਾਰੇ ਗਏ ਉਮੀਦਵਾਰਾਂ ਨੇ ਚੋਣ ਮੈਦਾਨ ਪੂਰੀ ਤਰ੍ਹਾਂ ਨਾਲ ਮਘਾ ਦਿੱਤਾ ਹੈ। ਇਨ੍ਹਾਂ ਵਿੱਚ ਕਾਂਗਰਸ ਤੋਂ ਹਰਦਿਆਲ ਸਿੰਘ ਕੰਬੋਜ, ਸ਼੍ਰੋਮਣੀ ਅਕਾਲੀ ਦਲ ਤੋਂ ਚਰਨਜੀਤ ਬਰਾੜ, ‘ਆਪ’ ਤੋਂ ਨੀਨਾ ਮਿੱਤਲ ਅਤੇ ਭਾਜਪਾ ਤੋਂ ਜਗਦੀਸ਼ ਜੱਗਾ ਸ਼ਾਮਲ ਹਨ।
ਇਨ੍ਹਾਂ ਚਾਰੋ ਉਮੀਦਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਨਾਲ ਹਲਕੇ ਵਿੱਚ ਚਾਰ ਕੋਣਾ ਮੁਕਾਬਲੇ ਦੇ ਆਸਾਰ ਬਣ ਗਏ ਹਨ। ਇਨ੍ਹਾਂ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਤੋਂ ਅਵਤਾਰ ਸਿੰਘ, ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਗਜੀਤ ਸਿੰਘ, ਆਜ਼ਾਦ ਉਮੀਦਵਾਰ ਵਜੋਂ ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਹਰਪਾਲਪੁਰ, ਹਰਿੰਦਰ ਸਿੰਘ, ਗੁਰਸੇਵਕ ਸਿੰਘ, ਡਾ. ਭਾਈ ਪਰਮਜੀਤ ਸਿੰਘ ਅਤੇ ਪ੍ਰਵੀਨ ਕੁਮਾਰ ਵੀ ਚੋਣ ਲੜ ਰਹੇ ਹਨ।
ਹਲਕੇ ਵਿਚ ਕੁੱਲ 1 ਲੱਖ 82 ਹਜ਼ਾਰ 228 ਵੋਟਰ ਆਪਣੇ ਮਤ ਦਾ ਇਸਤੇਮਾਲ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਪਿੰਡਾਂ ਵਿੱਚ ਵੋਟ ਬੈਂਕ ਲਗਭਗ ਬਰਾਬਰ ਹੋਣ ਕਾਰਨ ਸ਼ਹਿਰੀਆਂ ਦੀਆਂ ਵੋਟਾਂ, ਹਾਰ ਜਿੱਤ ਦਾ ਫ਼ੈਸਲਾ ਕਰਨਗੀਆਂ। ਜਿੱਥੇ ਪਿੰਡਾਂ ਵਿਚ ਭਾਜਪਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉੱਥੇ ਹੀ ਸ਼ਹਿਰੀ ਵੋਟਰਾਂ ਵਿਚ ਭਾਜਪਾ ਪ੍ਰਤੀ ਝੁਕਾਅ ਝਲਕ ਰਿਹਾ ਹੈ, ਨੌਜਵਾਨ ਬਦਲਾਅ ਵੱਲ ਤੁਰੇ ਹੋਏ ਹਨ।