ਸੁਭਾਸ਼ ਚੰਦਰ
ਸਮਾਣਾ, 10 ਜੁਲਾਈ
ਨੇੜਲੇ ਪਿੰਡ ਢੈਂਠਲ ਅੱਡੇ ’ਤੇ ਲੰਘੀ ਦਿਨੀਂ ਢਾਬਾ ਮਾਲਕ ਨਾਲ ਹੋਈ ਕੁੱਟਮਾਰ ਦੇ ਦੋਸ਼ ’ਚ ਪੁਲੀਸ ਨੇ ਜਗਮੋਹਨ ਸਿੰਘ ਅਤੇ ਜਗਜੀਤ ਸਿੰਘ ਵਾਸੀ ਪਿੰਡ ਢੈਂਠਲ ਰਣਧੀਰ ਸਿੰਘ ਵਾਸੀ ਮਲਕਾਣਾ ਪੱਤੀ ਸਮਾਣਾ ਖ਼ਿਲਾਫ਼ ਕੇਸ ਦਰਜ ਕੀਤਾ ਹੈ ਪਰ ਹਾਲੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ। ਸਦਰ ਥਾਣਾ ਮੁਖੀ ਮਹਿਮਾ ਸਿੰਘ ਨੇ ਦੱਸਿਆ ਕਿ ਇਹ ਕੇਸ ਢਾਬਾ ਮਾਲਕ ਬਿਕਰਮ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਢਾਬਾ ਮਾਲਕ ਦੀ ਗੁੰਡਾ ਅਨਸਰਾਂ ਵੱਲੋਂ ਕਥਿਤ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਸੀ। ਵਾਇਰਲ ਵੀਡੀਓ ਵਿੱਚ ਕੁਝ ਲੋਕ ਢਾਬਾ ਮਾਲਕ ਤੋਂ ਉਧਾਰ ਸਾਮਾਨ ਮੰਗ ਰਹੇ ਸਨ ਪਰ ਢਾਬਾ ਮਾਲਕ ਨੇ ਉਧਾਰ ’ਚ ਸਾਮਾਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਢਾਬਾ ਮਾਲਕ ਅਤੇ ਢਾਬੇ ’ਤੇ ਖੜ੍ਹੇ ਕੁਝ ਹੋਰ ਲੋਕਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਢਾਬੇ ’ਤੇ ਖੜ੍ਹੇ ਇਕ ਬਜ਼ੁਰਗ ਵਿਅਕਤੀ ਦੀ ਪੱਗ ਲਾਹ ਕੇ ਉਸ ਨੂੰ ਵਾਲਾਂ ਤੋਂ ਫੜ ਕੇ ਕੁੱਟਿਆ ਗਿਆ। ਵੀਡੀਓ ਵਾਇਰਲ ਹੋਣ ’ਤੇ ਘਟਨਾ ਦੀ ਜਾਣਕਾਰੀ ਸਮਾਣਾ ਸਦਰ ਪੁਲੀਸ ਕੋਲ ਪਹੁੰਚ ਗਈ। ਇਸ ’ਤੇ ਪੁਲੀਸ ਨੇ ਕਾਰਵਾਈ ਕਰਦਿਆਂ ਪੀੜਤ ਢਾਬਾ ਮਾਲਕ ਨਾਲ ਸੰਪਰਕ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ।