ਪਟਿਆਲਾ: ਬਾਗ਼ਬਾਨੀ ਵਿਭਾਗ ਪਟਿਆਲਾ ਵੱਲੋਂ ਜ਼ਿਮੀਂਦਾਰਾਂ ਅਤੇ ਆਮ ਲੋਕਾਂ ਲਈ ਘਰੇਲੂ ਬਗੀਚੀ ਵਾਸਤੇ ਗਰਮੀ ਰੁੱਤ ਦੀਆਂ ਮਿਨੀ ਕਿੱਟਾਂ ਜਾਰੀ ਕੀਤੀਆਂ ਗਈਆਂ ਹਨ। ਡਿਪਟੀ ਡਾਇਰੈਕਟਰ ਡਾ. ਨਿਰਵੰਤ ਸਿੰਘ ਨੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਸੰਤੁਲਿਤ ਖ਼ੁਰਾਕ ਲਈ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਉਗਾ ਕੇ ਉਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਘਰੇਲੂ ਵਰਤੋਂ ਲਈ ਜ਼ਹਿਰ ਮੁਕਤ ਸਬਜ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਆਰਥਿਕ ਤੌਰ ’ਤੇ ਵੀ ਬੱਚਤ ਹੋਵੇਗੀ। ਇਨ੍ਹਾਂ ਮਿਨੀ ਕਿੱਟਾਂ ਵਿੱਚ ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਖੀਰਾ, ਤਰ, ਲੋਬੀਆ, ਭਿੰਡੀ ਅਤੇ ਘੀਆ ਤੋਰੀ ਆਦਿ ਦੇ ਬੀਜ ਉਪਲਬਧ ਹਨ। ਸਿਰਫ਼ 80 ਰੁਪਏ ਦੀ ਇਸ ਕਿੱਟ ਦੇ ਬੀਜ 6 ਮਰਲੇ ਰਕਬੇ ਵਿੱਚ ਬੀਜੇ ਜਾ ਸਕਦੇ ਹਨ, ਜਿਸ ਵਿਚੋਂ 400 ਕਿੱਲੋ ਤਾਜ਼ੀ ਸਬਜ਼ੀ ਪੈਦਾ ਕੀਤੀ ਜਾ ਸਕਦੀ ਹੈ ਅਤੇ ਇਹ 7 ਜੀਆਂ ਦੇ ਪਰਿਵਾਰ ਲਈ ਕਾਫ਼ੀ ਹੈ। -ਖੇਤਰੀ ਪ੍ਰਤੀਨਿਧ