ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਅਗਸਤ
ਯੂਨੀਵਰਸਿਟੀ ਅਤੇ ਕਾਲਜ ਦੇ ਅਧਿਆਪਕਾਂ ਨੇ ਸੱਤਵਾਂ ਪੇਅ ਕਮਿਸ਼ਨ ਲਾਗੂ ਕਰਵਾਉਣ, ਨਵੀਆਂ ਨਿਯੁਕਤੀਆਂ ਵਿਚ ਡੀ ਲਿੰਕਿੰਗ ਨੂੰ ਰੱਦ ਕਰਵਾਉਣ ਲਈ ਅੱਜ ਪਟਿਆਲਾ ਜ਼ਿਲ੍ਹੇ ਦੇ ਸਮੂਹ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਆਪੋ ਆਪਣੇ ਵਿੱਦਿਅਕ ਅਦਾਰਿਆਂ ’ਚ ਦੋ ਘੰਟਿਆਂ ਦੇ ਧਰਨੇ ਮਾਰ ਕੇ ਇਨ੍ਹਾਂ ਅਧਿਆਪਕਾਂ ਨੇ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਨੂੰ ਲੈ ਕੇ ਖੂਬ ਪਿੱਟ ਸਿਆਪਾ ਕੀਤਾ। ਬੁਲਾਰਿਆਂ ਦਾ ਕਹਿਣਾ ਸੀ ਕਿ ਸਾਰੇ ਭਾਰਤ ਵਿੱਚ ਯੂਜੀਸੀ ਦਾ ਸੱਤਵਾਂ ਪੇਅ ਕਮਿਸ਼ਨ ਲਾਗੂ ਹੋ ਚੁੱਕਾ ਹੈ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਵੀ ਲਾਗੂ ਨਹੀਂ ਕੀਤਾ ਜਿਸ ਤੋਂ ਸਰਕਾਰ ਦੀ ਨਾਲਾਇਕੀ ਸਮੇਤ ਅਧਿਆਪਨ ਖਿੱਤੇ ਪ੍ਰਤੀ ਸਰਕਾਰ ਦਾ ਮਾੜਾ ਰਵੱਈਆ ਵੀ ਉਜਾਗਰ ਹੋਇਆ ਹੈ। ਇਸੇ ਕੜੀ ਵਜੋਂ ਪੰਜਾਬੀ ਯੂਨੀਵਰਸਿਟੀ ’ਚ ਵੀ ਪੂਟਾ ਵੱਲੋਂ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਵਿਰਕ ਦੀ ਅਗਵਾਈ ਹੇਠਾਂ ਵੀ.ਸੀ ਦਫਤਰ ਮੂਹਰੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਪੂਟਾ ਦੇ ਸਕੱਤਰ ਇੰਜ ਸੁਖਜਿੰਦਰ ਬੁੱਟਰ ਨੇ ਦੱਸਿਆ ਕਿ ਇਸ ਦੌਰਾਨ ਡਾ.ਪਰਮਵੀਰ, ਡਾ. ਕੇਸਰ ਭੰਗੂ, ਗੁਰਨਾਮ ਵਿਰਕ, ਰਾਜਿੰਦਰ ਪਾਲ ਬਰਾੜ, ਡਾ. ਅਵਨੀਤਪਾਲ ਸਿੰਘ, ਡਾ. ਜਸਵਿੰਦਰ ਬਰਾੜ, ਡਾ. ਪੁਸ਼ਪਿੰਦਰ ਗਿੱਲ, ਡਾ. ਹਰਨੀਤ ਗਰੇਵਾਲ, ਡਾ. ਗੁਰਜੰਟ ਨੇ ਵੀ ਸ਼ਿਰਕਤ ਕੀਤੀ।
ਇਸੇ ਕੜੀ ਵਜੋਂ ਹੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਯੂਨਿਟ ਦੇ ਪ੍ਰਧਾਨ ਪ੍ਰੋ. ਰੇਨੂੰ ਦੀ ਅਗਵਾਈ ਹੇਠ ਦਿੱਤੇ ਗਏ ਧਰਨੇ ਦੌਰਾਨ ਗੌਰਮਿੰਟ ਕਾਲਜ ਟੀਚਰਜ਼ ਯੂਨੀਅਨ ਦੇ ਸੂਬਾਈ ਆਗੂ ਪੋ. ਬਲਜਿੰਦਰ ਟੌਹੜਾ, ਪ੍ਰੋ. ਅੰਮ੍ਰਿਤ ਸਮਰਾ ਅਤੇ ਡਾ. ਰੇਖੀ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਨੇ ਸੱਤਵਾਂ ਪੇਅ ਕਮਿਸ਼ਨ ਤੁਰੰਤ ਲਾਗੂ ਕਰਨ ’ਤੇ ਜ਼ੋਰ ਦਿੱਤਾ।
ਮੀਤ ਹੇਅਰ ਦੇ ਘਰ ਦਾ ਘਿਰਾਓ 5 ਨੂੰ
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਰਹਿੰਦੇ ਦਿਨਾਂ ’ਚ ਵੀ ਮੰਗਾਂ ’ਤੇ ਅਮਲ ਨਾ ਕੀਤਾ ਗਿਆ, ਤਾਂ 5 ਸਤੰਬਰ ਨੂੰ ਅਧਿਆਪਕ ਵਰਗ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਦੇ ਬਰਨਾਲ਼ਾ ਸਥਿਤ ਘਰ ਅੱਗੇ ਧਰਨਾ ਦੇਣਗੇ।
ਜੰਗਲਾਤ ਕਾਮਿਆਂ ਵੱਲੋਂ ਹੱਥਾਂ ਵਿੱਚ ਠੂਠੇ ਫੜ ਕੇ ਰੋਸ ਮਾਰਚ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਜੰਗਲਾਤ ਵਿਭਾਗ, ਜੰਗਲੀ ਜੀਵ, ਜੰਗਲਾਤ ਕਾਰਪੋਰੇਟ ਦੇ ਵਰਕਰਾਂ ਨੇ ਵਣਪਾਲ ਸਾਊਥ ਸਰਕਲ ਅੱਗੇ ਹੱਥਾਂ ਵਿਚ ਠੂਠੇ ਫੜ ਕੇ ਰੋਸ ਰੈਲੀ ਕੀਤੀ। 4 ਮੁਲਾਜ਼ਮ ਆਗੂ ਦਰਸ਼ਨ ਸਿੰਘ ਲੁਬਾਣਾ, ਤਰਲੋਚਨ ਗਿਰ, ਕੁਲਵਿੰਦਰ ਕਾਲਵਾ ਨੇ ਕਿਹਾ ਜੰਗਲਾਤ ਦੇ ਪਰਿਵਾਰ ਭੁੱਖੇ ਭਾਣੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ ਪਰ ਸਰਕਾਰ ਘੂਕ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਫ਼ੰਡ ਲੈਣ ਵਿੱਚ ਨਾਕਾਮਯਾਬ ਸਾਬਤ ਹੋਈ ਹੈ। ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਨਾਲ ਦੋ ਮੀਟਿੰਗਾਂ ਕੀਤੀਆਂ ਗਈਆਂ, ਫਿਰ ਵੀ ਸਰਕਾਰ ਦੀ ਅੱਖ ਨਹੀਂ ਖੁੱਲ੍ਹੀ। ਜੰਗਲਾਤ ਵਿਭਾਗ ਦੇ ਆਗੂਆਂ ਨੇ ਫ਼ੈਸਲਾ ਕੀਤਾ ਹੈ ਜੇਕਰ 28-08-2022 ਤੱਕ ਤਨਖ਼ਾਹਾਂ ਨਹੀਂ ਮਿਲਦੀਆਂ ਤਾਂ 29-08-2022 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਅਗਨੀ ਭੇਂਟ ਕੀਤਾ ਜਾਵੇਗਾ। ਅੱਜ ਦੀ ਰੈਲੀ ਨੂੰ ਗੁਰਮੇਲ ਬੰਮਣਾ, ਦਰਸ਼ਨ ਮਲੇਵਾਲ, ਗੁਰਮੀਤ ਮਲੇਵਾਲ, ਚੰਦਰ ਭਾਨ, ਬਲਕਾਰ ਬਠੋਈ, ਗੁਰਚਰਨ ਚੰਨੀ, ਮੇਘ ਸਿੰਘ, ਪ੍ਰੇਮ ਖਤੌਰੀ, ਜਗਰੂਪ ਖ਼ਾਨ, ਮੰਗਤ ਗਾਜੀਪੁਰ, ਮੁਖ਼ਤਿਆਰ ਆਸੇਮਾਜਰਾ, ਗੁਰਮੀਤ ਅਬਲੋਵਾਲ, ਬਲਵਿੰਦਰ ਨਾਭਾ ਹਰਨੇਕ ਸਿੰਘ ਨੇ ਸੰਬੋਧਨ ਕੀਤਾ।